- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰਾਂ ਵੱਲੋਂ ਵਿਕਾਸ ਦੇ ਵੱਡੇ-ਵੱਡੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸਰਕਾਰਾਂ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕਈ ਵਾਰ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆਉਂਦੀ ਹੈ। ਮੋਗਾ ਜ਼ਿਲ੍ਹੇ ਦੇ ਭਲੂਰ-ਨੱਥੂਵਾਲਾ-ਬਾਘਾਪੁਰਾਣਾ-ਮੁੜਕੀ ਮਾਰਗ ਦਾ ਮਾਮਲਾ ਵੀ ਕੁਝ ਅਜਿਹਾ ਹੀ ਹੈ, ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਪੱਥਰ ਲਗਾਏ ਨੂੰ ਲੰਮਾ ਸਮਾਂ ਬੀਤ ਚੁੱਕਾ ਹੈ, ਪਰ ਨਿਰਮਾਣ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। ਨਤੀਜੇ ਵਜੋਂ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਕਰੀਬ 50 ਹਜ਼ਾਰ ਲੋਕ ਰੋਜ਼ਾਨਾ ਖੱਡਿਆਂ, ਧੂੜ ਅਤੇ ਟੁੱਟੀ-ਫੁੱਟੀ ਸੜਕ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਇਸ ਮੌਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਬਲਦੇਵ ਸਿੰਘ, ਦਲਜੀਤ ਸਿੰਘ, ਗੁਰਨਾਮ ਸਿੰਘ, ਪ੍ਰਿਤਪਾਲ ਸਿੰਘ, ਬਸੰਤ ਸਿੰਘ, ਅਰਜਨ ਸਿੰਘ, ਰੁਲਦੂ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ ਨਵੀਨ ਸ਼ਰਮਾ ਕਿਰਪਾਲ ਸਿੰਘ, ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਲਈ 7 ਕਰੋੜ 35 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਸੀ ਅਤੇ ਇਸ ਪ੍ਰੋਜੈਕਟ ਨੂੰ ਲਿੰਕ ਰੋਡ ਅਪਗ੍ਰੇਡੇਸ਼ਨ ਯੋਜਨਾ ਤਹਿਤ ਸ਼ਾਮਲ ਕੀਤਾ ਗਿਆ ਸੀ। 7 ਨਵੰਬਰ 2024 ਨੂੰ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੱਲੋਂ ਇਸ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਵੇਲੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਲਾਕੇ ਦੀ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਅੱਜ ਤੱਕ ਸਿਰਫ਼ ਕੀਤੇ ਗਏ ਉਦਘਾਟਨ ਦਾ ਪੱਥਰ ਹੀ ਲੋਕਾਂ ਨੂੰ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ 7 ਕਿਲੋਮੀਟਰ ਲੰਬੀ ਇਸ ਸੜਕ ਦੀ ਮੌਜੂਦਾ ਹਾਲਤ ਬਹੁਤ ਹੀ ਮਾੜੀ ਬਣੀ ਹੋਈ ਹੈ। ਥਾਂ-ਥਾਂ ਪਏ ਡੂੰਘੇ ਖੱਡੇ, ਉਖੜੀ ਹੋਈ ਸੜਕ ਅਤੇ ਧੂੜ ਦੇ ਗੁਬਾਰ ਆਵਾਜਾਈ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਇਸ ਮੌਕੇ ਵਾਹਨ ਚਾਲਕਾਂ ਨੂੰ ਕਈ ਥਾਵਾਂ 'ਤੇ ਪਹਿਲੇ ਜਾਂ ਦੂਜੇ ਗੇਅਰ ਵਿੱਚ ਹੀ ਗੱਡੀਆਂ ਚਲਾਉਣੀਆਂ ਪੈਂਦੀਆਂ ਹਨ। ਇਸ ਕਾਰਨ ਨਾ ਸਿਰਫ਼ ਆਉਂਣ ਜਾਣ ਦਾ ਸਮਾਂ ਵੱਧ ਰਿਹਾ ਹੈ, ਸਗੋਂ ਵਾਹਨਾਂ ਦੀ ਟੁੱਟ-ਫੁੱਟ ਵੀ ਲਗਾਤਾਰ ਵਧ ਰਹੀ ਹੈ। ਟਾਇਰ, ਸ਼ਾਕਰ ਅਤੇ ਹੋਰ ਮਹੱਤਵਪੂਰਨ ਪੁਰਜ਼ੇ ਖਰਾਬ ਹੋਣ ਕਾਰਨ ਲੋਕਾਂ ਨੂੰ ਵਾਧੂ ਖਰਚਾ ਝੱਲਣਾ ਪੈ ਰਿਹਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਜੋਹਲ ਨੇ ਦੱਸਿਆ ਕਿ ਹਰ ਰੋਜ਼ ਸੈਂਕੜੇ ਵਿਦਿਆਰਥੀ, ਕਿਸਾਨ, ਵਪਾਰੀ ਅਤੇ ਨੌਕਰੀਪੇਸ਼ਾ ਲੋਕ ਇਸ ਸੜਕ ਰਾਹੀਂ ਆਪਣੇ ਮੰਜ਼ਿਲਾਂ ਤੱਕ ਪਹੁੰਚਦੇ ਹਨ। ਸੜਕ ਦੀ ਖਰਾਬ ਹਾਲਤ ਕਾਰਨ ਸਫ਼ਰ ਲੰਮਾ, ਔਖਾ ਅਤੇ ਖਤਰਨਾਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕ ਉਦਘਾਟਨ ਦਾ ਪੱਥਰ ਦੇਖਦੇ ਹਨ ਤਾਂ ਉਨ੍ਹਾਂ ਨੂੰ ਵਿਕਾਸ ਦੇ ਅਧੂਰੇ ਵਾਅਦੇ ਯਾਦ ਆ ਜਾਂਦੇ ਹਨ। ਦੋਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਹੋਰ ਵੀ ਗੰਭੀਰ ਹਨ। ਭਾਰੀ ਵਾਹਨਾਂ ਦੇ ਲੰਘਣ ਨਾਲ ਸੜਕ ਉੱਤੇ ਧੂੜ ਦੇ ਵੱਡੇ-ਵੱਡੇ ਗੁਬਾਰ ਉੱਠਦੇ ਹਨ, ਜਿਸ ਕਾਰਨ ਘੱਟ ਦਿਖਾਈ ਦੇਣ ਲੱਗ ਜਾਂਦਾ ਹੈ ਅਤੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਧੂੜ ਅੱਖਾਂ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਵੀ ਬਣ ਰਹੀ ਹੈ। ਸੜਕ ਕਿਨਾਰੇ ਰਹਿਣ ਵਾਲੇ ਪਰਿਵਾਰਾਂ ਅਤੇ ਦੁਕਾਨਦਾਰਾਂ ਨੂੰ ਵੀ ਰੋਜ਼ਾਨਾ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਉਦਘਾਟਨ ਕਰਨ ਤੋਂ ਬਾਅਦ ਸੰਬੰਧਤ ਵਿਭਾਗਾਂ ਅਤੇ ਸਰਕਾਰੀ ਏਜੰਸੀਆਂ ਨੇ ਇਸ ਪ੍ਰੋਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਸਮੇਂ ਸਿਰ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਅੱਜ ਹਜ਼ਾਰਾਂ ਲੋਕਾਂ ਨੂੰ ਇਹ ਮੁਸ਼ਕਲਾਂ ਨਾ ਝੱਲਣੀਆਂ ਪੈਂਦੀਆਂ। ਸਥਾਨਕ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਸੜਕ ਦੇ ਕੰਮ ਵਿਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਵਪਾਰੀਆਂ ਦੇ ਕਾਰੋਬਾਰ 'ਤੇ ਅਸਰ ਪੈ ਰਿਹਾ ਹੈ, ਵਾਹਨਾਂ ਦੀ ਮੁਰੰਮਤ 'ਤੇ ਵਾਧੂ ਖਰਚਾ ਹੋ ਰਿਹਾ ਹੈ ਅਤੇ ਰੋਜ਼ਾਨਾ ਦੀ ਆਵਾਜਾਈ ਮਹਿੰਗੀ ਹੋ ਗਈ ਹੈ। ਇਸ ਸਬੰਧੀ ਕਈ ਲੋਕਾਂ ਨੇ ਠੇਕੇਦਾਰ ਅਤੇ ਸੰਬੰਧਿਤ ਮਹਿਕਮਿਆਂ ਤੋਂ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਸੜਕ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ ਅਤੇ ਪ੍ਰੋਜੈਕਟ ਵਿੱਚ ਹੋਈ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਸਿਰਫ਼ ਨੀਂਹ ਪੱਥਰਾਂ ਅਤੇ ਐਲਾਨਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਲੋਕਾਂ ਨੂੰ ਉਸ ਦਾ ਲਾਭ ਜ਼ਮੀਨੀ ਪੱਧਰ 'ਤੇ ਵੀ ਮਿਲਣਾ ਚਾਹੀਦਾ ਹੈ।ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਇਹ ਮੁੱਦਾ ਪ੍ਰਮੁੱਖ ਤੌਰ 'ਤੇ ਉੱਠਾਇਆ ਜਾ ਵੇਗਾ। ਉਨ੍ਹਾਂ ਕਿਹਾ ਕਿ ਹੁਣ ਲੋਕ ਭਾਸ਼ਣਾਂ ਅਤੇ ਵਾਅਦਿਆਂ ਨਾਲ ਨਹੀਂ, ਸਗੋਂ ਵਿਕਾਸ ਦੇ ਅਸਲ ਕੰਮਾਂ ਨਾਲ ਹੀ ਸੰਤੁਸ਼ਟ ਹੋਣਗੇ। ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨਾਲ ਵਾਰ ਵਾਰ ਟੈਲੀਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਉਠਾਇਆ ਗਿਆ।