ਮੋਗਾ ਨਿਗਮ ਦੇ ਇਤਿਹਾਸ ’ਚ ਕੋਈ ਵੀ ਮੇਅਰ ਮੁੜ ਜਿੱਤ ਕੇ ਨਹੀਂ ਪੁੱਜਾ ਸਤਾ ਤੱਕ
ਮੋਗਾ ਸ਼ਹਿਰ ’ਚ ਨਵੀਂ ਨਗਰ ਨਿਗਮ
Publish Date: Sun, 31 May 2026 05:47 PM (IST)
Updated Date: Mon, 01 Jun 2026 04:09 AM (IST)

ਚਾਰ ’ਚੋਂ ਦੋ ਸਾਬਕਾ ਮੇਅਰਾਂ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ, ਨਵੀਂ ਲੀਡਰਸ਼ਿਪ ਤੋਂ ਵੱਡੀਆਂ ਉਮੀਦਾਂ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ’ਚ ਨਵੀਂ ਨਗਰ ਨਿਗਮ ਦੇ ਗਠਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਗੜ੍ਹ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ ਹੈ। ਸਾਲ 2011 ਵਿੱਚ ਮੋਗਾ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਪਿਛਲੇ 15 ਸਾਲਾਂ ਦੌਰਾਨ ਸ਼ਹਿਰ ਨੂੰ ਚਾਰ ਮੇਅਰ ਮਿਲੇ ਹਨ। ਹਰ ਮੇਅਰ ਦਾ ਰਾਜਨੀਤਿਕ ਸਫ਼ਰ ਵੱਖਰਾ ਰਿਹਾ ਹੈ, ਪਰ ਇੱਕ ਦਿਲਚਸਪ ਤੱਥ ਇਹ ਹੈ ਕਿ ਅੱਜ ਤੱਕ ਕੋਈ ਵੀ ਮੇਅਰ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਅਗਲੀ ਨਗਰ ਨਿਗਮ ਵਿੱਚ ਚੋਣ ਜਿੱਤ ਕੇ ਮੁੜ ਸਤਾ ਤੱਕ ਨਹੀਂ ਪਹੁੰਚ ਸਕਿਆ। ਇਨ੍ਹਾਂ ਚਾਰ ਮੇਅਰਾਂ ’ਚੋਂ ਦੋ ਨੇ ਰਾਜਨੀਤੀ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿ ਦਿੱਤਾ ਹੈ, ਜਦਕਿ ਇਕ ਸਾਬਕਾ ਮੇਅਰ ਆਪਣੇ ਹੀ ਵਾਰਡ ਤੋਂ ਚੋਣ ਹਾਰ ਗਿਆ। ਚੌਥੇ ਮੇਅਰ ਨੇ ਖੁਦ ਚੋਣ ਲੜਨ ਦੀ ਬਜਾਏ ਆਪਣੀ ਪਤਨੀ ਅਤੇ ਪੁੱਤਰਵਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ, ਜਿਨ੍ਹਾਂ ’ਚੋਂ ਪੁੱਤਰਵਧੂ ਜਿੱਤ ਹਾਸਲ ਕਰਨ ਵਿਚ ਸਫ਼ਲ ਰਹੀ, ਪਰ ਪਤਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਵੇਂ ਵੱਖ-ਵੱਖ ਸਰਕਾਰਾਂ ਅਤੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਮੋਗਾ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਸ਼ਹਿਰ ਦੇ ਵਸਨੀਕ ਅੱਜ ਵੀ ਟੁੱਟੀਆਂ ਸੜਕਾਂ, ਗੰਦੇ ਪੀਣ ਵਾਲੇ ਪਾਣੀ, ਬੰਦ ਪਈਆਂ ਸਟਰੀਟ ਲਾਈਟਾਂ, ਸੀਵਰੇਜ ਦੀਆਂ ਸਮੱਸਿਆਵਾਂ ਅਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਨਾਲ ਜੂਝ ਰਹੇ ਹਨ। ਵੱਖ-ਵੱਖ ਸਮਿਆਂ ਦੌਰਾਨ ਵੱਖਰੀਆਂ ਰਾਜਨੀਤਿਕ ਪਾਰਟੀਆਂ ਨੇ ਮੋਗਾ ਨਗਰ ਨਿਗਮ ਦੀ ਕਮਾਨ ਸੰਭਾਲੀ ਪਰ ਹੁਣ ਲੋਕਾਂ ਦੀਆਂ ਨਜ਼ਰਾਂ ਅਜਿਹੇ ਨਵੇਂ ਮੇਅਰ ਉੱਤੇ ਟਿਕੀਆਂ ਹੋਈਆਂ ਹਨ ਜੋ ਸ਼ਹਿਰ ਦੀ ਤਸਵੀਰ ਅਤੇ ਤਕਦੀਰ ਦੋਵਾਂ ਨੂੰ ਬਦਲ ਸਕੇ। ਮੋਗਾ ਦੇ ਵਪਾਰੀਆਂ, ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਦਾ ਮੰਨਣਾ ਹੈ ਕਿ ਨਵੇਂ ਮੇਅਰ ਨੂੰ ਸਭ ਤੋਂ ਪਹਿਲਾਂ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਕਈ ਇਲਾਕਿਆਂ ਵਿਚ ਕੂੜੇ ਦੇ ਢੇਰ ਅਤੇ ਸੀਵਰੇਜ ਦੀ ਸਮੱਸਿਆ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਇਸ ਤੋਂ ਇਲਾਵਾ ਟੁੱਟੀਆਂ ਸੜਕਾਂ, ਟਰੈਫ਼ਿਕ ਜਾਮ, ਪਾਰਕਿੰਗ ਦੀ ਘਾਟ, ਬੰਦ ਪਈਆਂ ਸਟਰੀਟ ਲਾਈਟਾਂ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਕਮੀ ਵੀ ਸ਼ਹਿਰ ਦੇ ਪ੍ਰਮੁੱਖ ਮੁੱਦਿਆਂ ਵਿੱਚ ਸ਼ਾਮਲ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਨਵਾਂ ਮੇਅਰ ਇਮਾਨਦਾਰੀ ਅਤੇ ਦੂਰਅੰਦੇਸ਼ੀ ਨਾਲ ਕੰਮ ਕਰੇ ਤਾਂ ਮੋਗਾ ਨੂੰ ਪੰਜਾਬ ਦੇ ਸਭ ਤੋਂ ਵਧੀਆ ਨਗਰ ਨਿਗਮਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਨਗਰ ਨਿਗਮ ਬਣਨ ਤੋਂ ਬਾਅਦ ਬਦਲਿਆ ਮੋਗਾ ਦਾ ਸਰੂਪ ਸਾਲ 2011 ’ਚ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਮੋਗਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਸੀ। ਇਸ ਨੂੰ ਸ਼ਹਿਰ ਦੇ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਗਿਆ। ਨਗਰ ਨਿਗਮ ਬਣਨ ਨਾਲ ਮੋਗਾ ਨੂੰ ਵੱਧ ਵਿੱਤੀ ਸਹਾਇਤਾ ਅਤੇ ਪ੍ਰਸ਼ਾਸਨਿਕ ਅਧਿਕਾਰ ਪ੍ਰਾਪਤ ਹੋਏ, ਜਿਸ ਕਾਰਨ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ । ਸ਼ਹਿਰ ਦੀਆਂ ਸੜਕਾਂ ਦੇ ਵਿਸਥਾਰ, ਸਟਰੀਟ ਲਾਈਟਾਂ ਦੀ ਸਥਾਪਨਾ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਨ ਲਈ ਯਤਨ ਕੀਤੇ ਗਏ। ਹਾਲਾਂਕਿ ਤੇਜ਼ੀ ਨਾਲ ਵਧਦੀ ਆਬਾਦੀ ਅਤੇ ਸ਼ਹਿਰ ਦੇ ਫੈਲਾਅ ਕਾਰਨ ਕਈ ਸਮੱਸਿਆਵਾਂ ਅੱਜ ਵੀ ਗੰਭੀਰ ਚੁਣੌਤੀ ਬਣੀਆਂ ਹੋਈਆਂ ਹਨ। ਪਹਿਲੇ ਮੇਅਰ ਤੋਂ ਲੈ ਕੇ ਹੁਣ ਤੱਕ ਦਾ ਸਿਆਸੀ ਸਫ਼ਰ ਮੋਗਾ ਨਗਰ ਨਿਗਮ ਦੀਆਂ ਪਹਿਲੀਆਂ ਚੋਣਾਂ ਸਾਲ 2015 ’ਚ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਅਕਸ਼ਿਤ ਜੈਨ ਮੋਗਾ ਦੇ ਪਹਿਲੇ ਮੇਅਰ ਬਣੇ ਅਤੇ ਲਗਭਗ ਛੇ ਸਾਲ ਤੱਕ ਨਿਗਮ ਦੀ ਕਮਾਨ ਸੰਭਾਲੀ। ਬਾਅਦ ਵਿੱਚ ਉਨ੍ਹਾਂ ਨੇ ਰਾਜਨੀਤੀ ਛੱਡ ਕੇ ਫਿਟਨੈੱਸ ਖੇਤਰ ਵਿਚ ਕਦਮ ਰੱਖਿਆ ਅਤੇ ਅੱਜ ਮੋਗਾ ਵਿਚ ਇਕ ਆਧੁਨਿਕ ਜਿਮ ਦਾ ਸੰਚਾਲਨ ਕਰ ਰਹੇ ਹਨ। ਇਸ ਤੋਂ ਬਾਅਦ ਸਾਲ 2021 ਵਿਚ ਕਾਂਗਰਸ ਪਾਰਟੀ ਦੀ ਨੀਤਿਕਾ ਭੱਲਾ ਮੋਗਾ ਦੀ ਪਹਿਲੀ ਮਹਿਲਾ ਮੇਅਰ ਬਣੀ। ਉਨ੍ਹਾਂ ਨੇ ਵੀ ਪਰਿਵਾਰਕ ਕਾਰਨਾਂ ਕਰਕੇ ਰਾਜਨੀਤੀ ਤੋਂ ਦੂਰੀ ਬਣਾ ਲਈ।ਸਾਲ 2023 ਵਿੱਚ ਆਮ ਆਦਮੀ ਪਾਰਟੀ ਦੇ ਬਲਜੀਤ ਸਿੰਘ ਚਾਨੀ ਮੇਅਰ ਬਣੇ। ਨਵੰਬਰ 2025 ਵਿੱਚ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਕੇ ਚੋਣ ਮੈਦਾਨ ਵਿਚ ਉੱਤਰੇ ਪਰ ਜਿੱਤ ਹਾਸਲ ਨਹੀਂ ਕਰ ਸਕੇ। ਉਨ੍ਹਾਂ ਤੋਂ ਬਾਅਦ ਪ੍ਰਵੀਨ ਕੁਮਾਰ ਸ਼ਰਮਾ ਨੇ ਨਗਰ ਨਿਗਮ ਦੀ ਕਮਾਨ ਸੰਭਾਲੀ। ਵਾਰਡਾਂ ਦੀ ਰਾਖਵੇਂਕਰਨ ਪ੍ਰਕਿਰਿਆ ਕਾਰਨ ਉਨ੍ਹਾਂ ਦਾ ਵਾਰਡ ਮਹਿਲਾ ਵਰਗ ਲਈ ਰਾਖਵਾਂ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਖੁਦ ਚੋਣ ਨਹੀਂ ਲੜੀ ਅਤੇ ਆਪਣੇ ਪਰਿਵਾਰ ਦੀਆਂ ਦੋ ਮਹਿਲਾਵਾਂ ਨੂੰ ਚੋਣ ਮੈਦਾਨ ’ਚ ਉਤਾਰਿਆ। ਮੋਗਾ ਦੇ ਵਿਕਾਸ ਲਈ ਲੋਕਾਂ ਦੇ ਸੁਝਾਅ ਸ਼ਹਿਰ ਵਾਸੀਆਂ ਨੇ ਨਵੀਂ ਨਗਰ ਸਰਕਾਰ ਲਈ ਕੁੱਝ ਮਹੱਤਵਪੂਰਨ ਸੁਝਾਅ ਵੀ ਦਿੱਤੇ ਹਨ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ, ਸੀਵਰੇਜ ਅਤੇ ਡਰੇਨੇਜ਼ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਸਾਫ਼ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਯਕੀਨੀ ਵਿਵਸਥਾ ਕੀਤੀ ਜਾਵੇ, ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾਵੇ, ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਟ੍ਰੈਫਿਕ ਪ੍ਰਬੰਧਨ ਨੂੰ ਹੋਰ ਸੁਚਾਰੂ ਬਣਾਇਆ ਜਾਵੇ। ਵਾਹਨਾਂ ਦੀ ਪਾਰਕਿੰਗ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣ, ਗ੍ਰੀਨ ਬੈਲਟਾਂ ਅਤੇ ਪਾਰਕਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣ। ਮੋਗਾ ਦੇ ਲੋਕਾਂ ਨੂੰ ਆਸ ਹੈ ਕਿ ਇਸ ਵਾਰ ਸ਼ਹਿਰ ਨੂੰ ਅਜਿਹਾ ਨੇਤ੍ਰਿਤਵ ਮਿਲੇਗਾ ਜੋ ਸਿਰਫ਼ ਵਾਅਦਿਆਂ ਤੱਕ ਸੀਮਤ ਨਾ ਰਹੇ, ਸਗੋਂ ਜ਼ਮੀਨੀ ਪੱਧਰ ਤੇ ਕੰਮ ਕਰਕੇ ਮੋਗਾ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੱਕ ਲੈ ਜਾਵੇ।