ਮੋਗਾ 'ਚ ਹਲਕੀ ਬਾਰਿਸ਼ ਨਾਲ ਆਲੂਆਂ ਦੀ ਪੁਟਾਈ ਦਾ ਕੰਮ ਪ੍ਰਭਾਵਿਤ
ਐਤਵਾਰ ਨੂੰ ਮੋਗਾ 'ਚ ਹਲਕੀ ਬਾਰਿਸ਼
Publish Date: Sun, 15 Mar 2026 04:43 PM (IST)
Updated Date: Mon, 16 Mar 2026 04:04 AM (IST)

ਕਣਕ ਦੀ ਫ਼ਸਲ ਨੂੰ ਪਾਣੀ ਨਾ ਲਾਉਣ ਦੀ ਕੀਤੀ ਸਿਫਾਰਸ਼, ਅਗਲੇ ਦੋ ਬਾਰਿਸ਼ ਦੀ ਸੰਭਾਵਨਾ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਐਤਵਾਰ ਨੂੰ ਮੋਗਾ ਚ ਹਲਕੀ ਬਾਰਿਸ਼ ਨਾਲ ਮੌਸਮ ਵਿਚ ਤਬਦੀਲੀ ਆ ਗਈ ਹੈ। ਮੌਸਮ ਵਿਭਾਗ ਦੇ ਮਾਹਿਰਾਂ ਵੱਲੋਂ ਅਗਲੇ ਦਿਨਾਂ ਵਿਚ ਹਲਕੀ ਬਾਰਿਸ਼ ਦੇ ਨਾਲ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਜਤਾਈ ਗਈ ਹੈ। ਭਾਵੇਂ ਕਿ ਇਸ ਹਲਕੀ ਬਾਰਿਸ਼ ਕਾਰਨ ਆਲੂਆਂ ਦੀ ਫ਼ਸਲ ਦੀ ਪੁਟਾਈ ਥੋੜੀ ਪ੍ਰਭਾਵਿਤ ਜ਼ਰੂਰ ਹੋਵੇਗਾ ਪਰ ਇਸ ਬਾਰਿਸ਼ ਨਾਲ ਮੌਸਮ ਵਿਚ ਤਬਦੀਲੀ ਆ ਗਈ ਹੈ। ਖੇਤੀਬਾੜੀ ਵਿਭਾਗ ਵੱਲੋਂ ਕਣਕ ਕਾਸ਼ਤਕਾਰ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਪਾਣੀ ਸੰਜਮ ਨਾਲ ਲਗਾਉਣ ਦੀ ਅਪੀਲ ਕੀਤੀ ਹੈ। ਆਲੂ ਕਾਸ਼ਤਕਾਰ ਕਿਸਾਨ ਪ੍ਰਿਤਪਾਲ ਸਿੰਘ ਅਤੇ ਛਿੰਦਰ ਸਿੰਘ ਮੱਲੇਆਣਾ ਨੇ ਦੱਸਿਆ ਕਿ ਇਸ ਹਲਕੀ ਬਾਰਿਸ਼ ਕਾਰਨ ਖੇਤਾਂ ਵਿਚ ਨਮੀ ਵਧ ਗਈ ਹੈ, ਜਿਸ ਕਾਰਨ ਆਲੂਆਂ ਦੀ ਪੁਟਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ। ਕਿਸਾਨਾਂ ਨੂੰ ਪੁਟਾਈ ਦਾ ਕੰਮ ਕੁਝ ਸਮੇਂ ਲਈ ਰੋਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਇਕ ਦੋ ਦਿਨਾਂ ਤੱਕ ਮੌਸਮ ਖਰਾਬ ਰਹਿੰਦਾ ਹੈ ਤਾਂ ਯਕੀਨਨ ਆਲੂਆਂ ਦੀ ਫਸਲ ਜਰੂਰ ਪ੍ਰਭਾਵਿਤ ਹੋਵੇਗੀ ਅਤੇ ਆਲੂਆਂ ਦੀ ਪੁਟਾਈ ਤੇ ਅਸਰ ਪੈ ਸਕਦਾ ਹੈ। ਉਕਤ ਕਿਸਾਨ ਨੇ ਦੱਸਿਆ ਕਿ ਜੇਕਰ ਬਾਰਿਸ਼ ਜਿਆਦਾ ਪੈਂਦੀ ਹੈ ਤਾਂ ਕਿਸਾਨਾਂ ਵੱਲੋਂ ਆਲੂ ਦੀ ਫਸਲ ਤੋਂ ਲਗਾਈ ਮੂੰਗੀ ਦੀ ਫਸਲ ਵੀ ਕਰੰਡ ਹੋ ਸਕਦੀ ਹੈ ਅਤੇ ਕਈ ਕਿਸਾਨ ਮੂੰਗੀ ਦੀ ਫਸਲ ਲਈ ਖੇਤ ਤਿਆਰ ਕਰ ਰਹੇ ਹਨ ਇਸ ਬਾਰਿਸ਼ ਕਾਰਨ ਮੂੰਗੀ ਦੀ ਫਸਲ ਦੀ ਬਿਜਾਈ ਲੇਟ ਹਸ ਸਕਦੀ ਹੈ। ਮੌਸਮ ਦੀ ਖਰਾਬੀ ਕਾਰਨ ਖੇਤੀਬਾੜੀ ਵਿਭਾਗ ਨੇ ਕਣਕ ਕਾਸ਼ਤਕਾਰਾਂ ਨੂੰ ਸੁਚੇਤ ਕੀਤਾ ਹੈ। ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤੇਜ਼ ਹਵਾਵਾਂ ਦੀ ਚਿਤਾਵਨੀ ਨੂੰ ਦੇਖਦੇ ਹੋਏ ਕਿਸਾਨ ਫਿਲਹਾਲ ਕਣਕ ਦੀ ਫਸਲ ਨੂੰ ਪਾਣੀ ਨਾ ਲਗਾਉਣ, ਕਿਉਂਕਿ ਤੇਜ਼ ਹਵਾਵਾਂ ਕਾਰਨ ਗਿੱਲੀ ਫ਼ਸਲ ਦੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੌਸਮ ‘ਚ ਆਈ ਇਕ ਦਮ ਤਬਦੀਲੀ ਨੂੰ ਦੇਖਦੇ ਹੋਏ ਫਿਲਹਾਲ ਕਣਕ ਦੀ ਫਸਲ ਨੂੰ ਲਗਾਇਆ ਜਾ ਰਿਹਾ ਪਾਣੀ ਰੋਕ ਦਿੱਤਾ ਜਾਵੇ ਤਾਂ ਜੋ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਬਾਰਿਸ਼ ਕਾਰਨ ਤਾਪਮਾਨ ’ਚ ਆਈ ਗਿਰਾਵਟ ਐਤਵਾਰ ਦੀ ਸਵੇਰ ਮੋਗਾ ਖੇਤਰ ਵਿਚ ਹਲਕੀ ਬਾਰਿਸ਼ ਨਾਲ ਆਈਆਂ ਤੇਜ਼ ਹਵਾਵਾਂ ਕਾਰਨ ਮੌਸਮ ਵਿਚ ਵੀ ਗਿਰਾਵਟ ਆਈ ਹੈ ਅਤੇ ਗਰਮੀ ਕਾਰਨ ਮੌਸਮ ਖੁਸਕ ਹੋਣ ਕਾਰਨ ਕਣਕ ਦੀ ਫਸਲ ਲਈ ਚੰਗਾ ਨਹੀਂ ਮੰਨਿਆ ਜਾ ਰਿਹਾ ਸੀ। ਠੰਢੀਆਂ ਹਵਾਵਾਂ ਵਗਣ ਨਾਲ ਮੌਸਮ ਵੀ ਠੰਢਾ ਹੋ ਗਿਆ ਹੈ। ਮੌਸਮ ਮਾਹਿਰਾਂ ਨੇ ਅਗਲੇ ਦੋ ਦਿਨ ਬਾਰਿਸ਼ ਦੇ ਨਾਲ ਨਾਲ ਤੇਜ਼ ਹਵਾਵਾਂ ਦਾ ਵਗਣਾ ਦੱਸਿਆ ਹੈ। ਜੇਕਰ ਆਉਂਦੇ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਖਰਾਬ ਰਿਹਾ ਤਾਂ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਵਾਧਾ ਹੋ ਸਕਦਾ ਹੈ।