ਧੀਆਂ ਦੀ ਬਰਕਤ ਨਾਲ ਜ਼ਿੰਦਗੀ ਬਦਲੀ : ਗੁਰਪ੍ਰੀਤ ਸੇਖੋਂ
ਸਮਾਜ ਸੇਵਕ ਅਤੇ ਸਿਆਸੀ ਆਗੂ
Publish Date: Wed, 11 Mar 2026 05:33 PM (IST)
Updated Date: Thu, 12 Mar 2026 04:04 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਸਮਾਜ ਸੇਵਕ ਅਤੇ ਸਿਆਸੀ ਆਗੂ ਗੁਰਪ੍ਰੀਤ ਸੇਖੋਂ ਨੇ ਪੰਜਾਬੀ ਜਾਗਰਣ ਦੇ ਪ੍ਰਤੀਨਿਧ ਨਾਲ ਆਪਣੀ ਜ਼ਿੰਦਗੀ ਦੇ ਭਾਵੁਕ ਪਲ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਧੀਆਂ ਉਨ੍ਹਾਂ ਲਈ ਕਿਸਮਤ ਦੀਆਂ ਮਾਲਕ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਤੀਸਰੀ ਧੀ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਉਹ ਜੇਲ੍ਹ ਵਿਚ ਸਨ ਪਰ ਫਿਰ ਵੀ ਉਨ੍ਹਾਂ ਨੇ ਜੇਲ੍ਹ ਅੰਦਰ ਲੱਡੂ ਵੰਡ ਕੇ ਖੁਸ਼ੀ ਮਨਾਈ ਸੀ। ਸੇਖੋਂ ਨੇ ਕਿਹਾ ਕਿ ਉਸ ਸਮੇਂ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆਇਆ ਅਤੇ ਉਹ ਹੌਲੀ-ਹੌਲੀ ਪੁਲਿਸ ਕੇਸਾਂ ਅਤੇ ਜੇਲ੍ਹਾਂ ਦੀ ਦਲਦਲ ’ਚੋਂ ਬਾਹਰ ਨਿਕਲ ਕੇ ਸਮਾਜਕ ਅਤੇ ਰਾਜਨੀਤਿਕ ਮੈਦਾਨ ਵਿਚ ਅੱਗੇ ਵਧੇ। ਉਨ੍ਹਾਂ ਕਿਹਾ ਕਿ ਧੀਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਸੋਚ ਵਿਚ ਵੀ ਵੱਡਾ ਬਦਲਾਅ ਆਇਆ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਲਈ ਸਮਰਪਿਤ ਕਰਨਗੇ। ਗੁਰਪ੍ਰੀਤ ਸੇਖੋਂ ਨੇ ਮਾਣ ਨਾਲ ਕਿਹਾ ਕਿ ਅੱਜ ਲੋਕਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਜੋ ਪਿਆਰ, ਸਤਿਕਾਰ ਅਤੇ ਸਹਿਯੋਗ ਮਿਲ ਰਿਹਾ ਹੈ, ਉਹ ਸਭ ਉਨ੍ਹਾਂ ਦੀਆਂ ਧੀਆਂ ਦੀ ਬਰਕਤ ਸਦਕਾ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਧੀਆਂ ਪੁੱਤਾਂ ਨਾਲੋਂ ਵੀ ਵੱਧ ਹਨ ਅਤੇ ਉਹ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਤਾਕਤ ਹਨ। ਸੇਖੋਂ ਨੇ ਕਿਹਾ ਕਿ ਲੋਕਾਂ ਦੇ ਭਰੋਸੇ ਅਤੇ ਸਹਿਯੋਗ ਨਾਲ ਉਨ੍ਹਾਂ ਨੇ ਸਿਆਸਤ ਵਿਚ ਕਦਮ ਰੱਖਿਆ ਅਤੇ ਹਾਲ ਹੀ ਵਿਚ ਜ਼ਿਲ੍ਹਾ ਪਰਿਸ਼ਦ ਦੇ ਦੋ ਮੈਂਬਰ ਜਿਤਾ ਕੇ ਸਿਆਸੀ ਮੈਦਾਨ ਵਿਚ ਆਪਣੀ ਪਹੁੰਚ ਦਰਸਾਈ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਇਲਾਕੇ ਦੇ ਲੋਕਾਂ ਦੇ ਵਿਸ਼ਵਾਸ ਅਤੇ ਸਹਿਯੋਗ ਦੀ ਜਿੱਤ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿੰਦਗੀ ਵਿਚ ਆਏ ਉਤਾਰ ਚੜ੍ਹਾਵਾਂ ਨੇ ਉਨ੍ਹਾਂ ਨੂੰ ਬਹੁਤ ਕੁੱਝ ਸਿਖਾਇਆ ਹੈ ਅਤੇ ਹੁਣ ਉਹ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਪੂਰੀ ਤਰ੍ਹਾਂ ਲੋਕ ਸੇਵਾ ਲਈ ਅਰਪਿਤ ਕਰਨਗੇ। ਸੇਖੋਂ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ ਅਤੇ ਇਲਾਕੇ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਸੇਖੋਂ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਸਹਿਯੋਗ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਭਰੋਸੇ ਨੂੰ ਉਹ ਕਦੇ ਟੁੱਟਣ ਨਹੀਂ ਦੇਣਗੇ।