ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਕਰਦੇ ਆਗੂ ਗ੍ਰਿਫਤਾਰ
ਕੌਮੀ ਇਨਸਾਫ ਮੋਰਚੇ ਦੇ ਸੱਦੇ ’
Publish Date: Mon, 12 Jan 2026 05:36 PM (IST)
Updated Date: Tue, 13 Jan 2026 04:06 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਤੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਲਈ ਪੂਰੇ ਪੰਜਾਬ ਭਰ ਵਿਚ ਤਿੰਨ ਘੰਟੇ ਟੋਲ ਪਲਾਜ਼ੇ ਮੁਫ਼ਤ ਕਰਕੇ ਪ੍ਰਦਰਸ਼ਨ ਕੀਤਾ ਜਾਣੇ ਸੀ। ਇਸੇ ਤਹਿਤ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਵੱਲੋਂ ਦਾਰਾਪੁਰ ਟੋਲ ਮੁਫ਼ਤ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਦੀ ਸ਼ਹਿ ’ਤੇ ਭਾਰੀ ਫੋਰਸ ਬਲ ਤਾਇਨਾਤ ਕੀਤਾ ਗਿਆ ਤਾਂ ਜੋ ਪ੍ਰਦਰਸ਼ਨ ਨੂੰ ਖਦੇੜ ਦਿੱਤਾ ਜਾਵੇ। ਇਸ ਦੌਰਾਨ ਜਦੋਂ ਬੁਲਾਰੇ ਆਪਣੀ ਗੱਲਬਾਤ ਸਾਥੀਆਂ ਅੱਗੇ ਰੱਖਣ ਲੱਗੇ ਤਾਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ ਖੁਰਦ ਅਤੇ ਬਲਾਕ ਆਗੂ ਕੁਲਦੀਪ ਸਿੰਘ ਖੁਖਰਾਣਾ ਤੋਂ ਪੁਲਿਸ ਪ੍ਰਸ਼ਾਸਨ ਨੇ ਮਾਇਕ ਖੋਹ ਲਿਆ ਅਤੇ ਜਿੰਨੇ ਵੀ ਕਿਸਾਨ ਰੋਸ਼ ਪ੍ਰਦਰਸ਼ਨ ’ਚ ਸ਼ਾਮਿਲ ਸਨ ਸਭ ਦੀ ਖਿੱਚਧੂਹ ਕਰਕੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੌਜੂਦ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਭਗਵੰਤ ਮਾਨ ਸਤ੍ਹਾ ਵਿਚ ਆਉਣ ਤੋਂ ਪਹਿਲਾਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਅੱਜ ਉਨ੍ਹਾਂ ਸਾਰੇ ਵਾਅਦਿਆਂ ਤੋਂ ਭੱਜ ਰਿਹਾ। ਉਨ੍ਹਾਂ ਕਿਹਾ ਸਤ੍ਹਾ ਹਢਾਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਹਨ ਸਭ ਨੂੰ ਰਿਹਾਅ ਕਰਾਂਗਾ ਪਰੰਤੂ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਹੋ ਰਹੇ ਪ੍ਰਦਰਸ਼ਨ ਨੂੰ ਖਦੇੜ ਕਿ ਸਾਬਤ ਕਰ ਦਿੱਤਾ ਕਿ ਮਾਨ ਸਰਕਾਰ ਲੋਕ ਵਿਰੋਧੀ ਹੈ। ਅੱਜ ਜੋ ਵੀ ਆਵਾਜ਼ ਲੋਕ ਪੱਖੀ ਉਠਦੀ ਹੈ ਉਸੇ ਆਵਾਜ਼ ਨੂੰ ਭਗਵੰਤ ਮਾਨ ਸਰਕਾਰ ਕੁਚਲ ਰਹੀ ਹੈ। ਇਸ ਦੌਰਾਨ ਜਦੋਂ ਕਿਰਤੀ ਕਿਸਾਨ ਯੂਨੀਅਨ ਦੇ ਪਹਿਲੇ ਜੱਥੇ ਦੀ ਗ੍ਰਿਫਤਾਰੀ ਹੋ ਗਈ ਤਾਂ ਦੂਜਾ ਜੱਥਾ ਔਰਤਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ ਦੀ ਅਗਵਾਈ ਹੇਠ ਟੋਲ ’ਤੇ ਪੁੱਜਾ ਤਾਂ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਹੋਏ ਸਾਥੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਰੋਡੇ ਖ਼ੁਰਦ, ਜਸਮੇਲ ਸਿੰਘ ਰਾਜੇਆਣਾ, ਤੀਰਥ ਸਿੰਘ ਘੱਲਕਲਾਂ, ਕੁਲਦੀਪ ਸਿੰਘ ਖੁਰਾਣਾ, ਜਸਵੰਤ ਸਿੰਘ ਮੰਗੇ ਵਾਲਾ, ਅਜਮੇਰ ਸਿੰਘ ਛੋਟਾ ਘਰ ਅਤੇ ਹੋਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਾਥੀ ਵੀ ਗ੍ਰਿਫਤਾਰ ਕੀਤੇ ਗਏ।