ਐੱਲਏ ਇੰਟਰਨੈਸ਼ਨਲ ਸਕੂਲ ਦੀ ਕੀਤੀ ਸ਼ੁਰੂਆਤ
ਅੱਜ ਕੱਲ੍ਹ ਜਿੱਥੇ ਬਹੁਤ ਸਾਰੇ
Publish Date: Wed, 10 Jun 2026 03:52 PM (IST)
Updated Date: Thu, 11 Jun 2026 04:03 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ: ਅੱਜ ਕੱਲ੍ਹ ਜਿੱਥੇ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਜਾ ਕੇ ਸੈਟਲ ਹੋਣ ਦੀ ਦੌੜ ਵਿਚ ਸ਼ਾਮਲ ਹੋ ਰਹੇ ਹਨ, ਉੱਥੇ ਹੀ ਕਈ ਨੌਜਵਾਨ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਵੀ ਬਣ ਰਹੇ ਹਨ। ਇਸ ਦੇ ਉਲਟ ਕੁੱਝ ਨੌਜਵਾਨ ਅਜਿਹੇ ਵੀ ਹਨ ਜੋ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਦੇ ਮੌਕੇ ਤਿਆਰ ਕਰਨ ਨੂੰ ਤਰਜੀਹ ਦੇ ਰਹੇ ਹਨ। ਇਹ ਵਿਚਾਰ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਪ੍ਰਗਟ ਕਰਦਿਆਂ ਕਿਹਾ ਕਿ ਬਾਘਾਪੁਰਾਣਾ ਦੇ ਕੀਰਤ ਅਤੇ ਸੂਵੀ ਨੇ ਇਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵਿਦੇਸ਼ ਜਾਣ ਦੀ ਬਜਾਏ ਆਪਣੇ ਸ਼ਹਿਰ ਵਿਚ ਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਤਹਿਤ ਉਨ੍ਹਾਂ ਵੱਲੋਂ ਬਾਘਾਪੁਰਾਣਾ ਵਿਚ ਐੱਲਏ ਇੰਟਰਨੈਸ਼ਨਲ ਸਕੂਲ ਆਫ਼ ਬਿਊਟੀ ਐਂਡ ਸਟੂਡੀਓ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੰਸਥਾ ਦਾ ਉਦਘਾਟਨ ਮਾਲਵਿਕਾ ਸੂਦ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੀਰਤ ਅਤੇ ਸੂਵੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ, ਸਗੋਂ ਹੋਰਾਂ ਲਈ ਵੀ ਪ੍ਰੇਰਣਾ ਦਾ ਸ੍ਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਅੰਨ੍ਹੇਵਾਹ ਵਿਦੇਸ਼ ਜਾਣ ਦੀ ਦੌੜ ਵਿਚ ਨਾ ਪੈਣ, ਬਲਕਿ ਆਪਣੀਆਂ ਯੋਗਤਾਵਾਂ ਅਤੇ ਹੁਨਰਾਂ ਨੂੰ ਵਿਕਸਤ ਕਰ ਕੇ ਪੰਜਾਬ ਵਿਚ ਹੀ ਆਪਣਾ ਕਾਰੋਬਾਰ ਸਥਾਪਿਤ ਕਰਨ। ਉਨ੍ਹਾਂ ਦੇ ਅਨੁਸਾਰ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਮਾਲਵਿਕਾ ਸੂਦ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਬਿਨ੍ਹਾਂ ਪੂਰੀ ਜਾਣਕਾਰੀ ਦੇ ਵਿਦੇਸ਼ ਜਾਣ ਲਈ ਵੱਡੀ ਰਕਮ ਖ਼ਰਚ ਕਰਦੇ ਹਨ, ਜਿਸ ਕਾਰਨ ਉਹ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਨੌਜਵਾਨ ਸੋਚ-ਸਮਝ ਕੇ ਫੈਸਲਾ ਲੈਣ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ। ਉਨ੍ਹਾਂ ਨੇ ਦੱਸਿਆ ਕਿ ਕੀਰਤ ਅਤੇ ਸੂਵੀ ਵੱਲੋਂ ਖੋਲ੍ਹਿਆ ਗਿਆ ਇਹ ਬਿਊਟੀ ਸਕੂਲ ਇਲਾਕੇ ਦੀਆਂ ਲੜਕੀਆਂ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਖੁਦਮੁਖਤਿਆਰ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਲੜਕੀਆਂ ਨੂੰ ਨਵੇਂ ਹੁਨਰ ਸਿੱਖਣ ਦਾ ਮੌਕਾ ਮਿਲੇਗਾ ਅਤੇ ਉਹ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣਗੇ। ਅੰਤ ਵਿਚ ਮਾਲਵਿਕਾ ਸੂਦ ਨੇ ਉਮੀਦ ਜਤਾਈ ਕਿ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਵਿਚ ਨਵੀਂ ਸੋਚ ਨੂੰ ਜਨਮ ਦੇਣਗੇ ਅਤੇ ਹੋਰ ਨੌਜਵਾਨ ਵੀ ਇਸ ਤਰ੍ਹਾਂ ਦੇ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਾਜਨ ਬਾਂਸਲ ਦੇ ਇਲਾਵਾ ਹੋਰ ਵੀ ਟਰੇਨਰ ਹਾਜ਼ਰ ਸਨ।