ਕੇਪੀਐੱਮਯੂ ਧਰਮਕੋਟ ਬਲਾਕ ਕਮੇਟੀ ਦਾ ਗਠਨ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ
Publish Date: Sun, 29 Mar 2026 04:42 PM (IST)
Updated Date: Mon, 30 Mar 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਕੇਪੀਐੱਮਯੂ ਵੱਲੋਂ ਬਲਾਕ ਧਰਮਕੋਟ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਕੋਟ ਈਸੇ ਖਾਂ ਦੀ ਦਾਣਾ ਮੰਡੀ ਵਿਚ ਇਕ ਮਹੱਤਵਪੂਰਨ ਮੀਟਿੰਗ ਸੂਬਾ ਕਨਵੀਨਰ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਕਰਵਾਈ ਗਈ। ਮੀਟਿੰਗ ਵਿਚ ਪਿੰਡ ਫਿਰੋਜ਼ਵਾਲ, ਜੀਂਦੜਾ, ਨੂਰਪੁਰ ਹਕੀਮਾ, ਬੱਡੂਵਾਲ ਧਰਮਕੋਟ ਸਮੇਤ ਕਈ ਪਿੰਡਾਂ ਤੋਂ ਮਜ਼ਦੂਰ ਸਾਥੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਮਜ਼ਦੂਰ ਵਰਗ ਨਾਲ ਸਬੰਧਤ ਮੁੱਖ ਮਸਲਿਆਂ ’ਤੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਲਈ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਹਮੇਸ਼ਾ ਮਜ਼ਦੂਰਾਂ ਦੇ ਹੱਕਾਂ ਲਈ ਲੜਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਮਜ਼ਦੂਰਾਂ ਨਾਲ ਹੋ ਰਹੇ ਧੱਕੇ, ਜ਼ੁਲਮ ਅਤੇ ਵਿਤਕਰੇ ਦੇ ਖ਼ਿਲਾਫ ਡਟ ਕੇ ਆਵਾਜ਼ ਬੁਲੰਦ ਕਰਦੀ ਹੈ। ਇਸ ਦੇ ਨਾਲ ਹੀ ਜਥੇਬੰਦੀ ਹਕੂਮਤ ਵੱਲੋਂ ਕ੍ਰਾਂਤੀਕਾਰੀ ਅਤੇ ਸੰਘਰਸ਼ਸ਼ੀਲ ਤਾਕਤਾਂ ’ਤੇ ਹੋ ਰਹੇ ਜ਼ਬਰ ਦੇ ਵਿਰੁੱਧ ਵੀ ਡਟ ਕੇ ਮੋਰਚਾ ਸੰਭਾਲਦੀ ਹੈ। ਉਨ੍ਹਾਂ ਹੋਰ ਕਿਹਾ ਕਿ ਮਜ਼ਦੂਰ-ਕਿਸਾਨ ਏਕਤਾ ਸਮੇਂ ਦੀ ਲੋੜ ਹੈ ਅਤੇ ਯੂਨੀਅਨ ਕਿਸਾਨ ਸੰਘਰਸ਼ਾਂ ਦੀ ਪੂਰੀ ਹਮਾਇਤ ਕਰਦੀ ਹੈ। ਯੂਨੀਅਨ ਵੱਲੋਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਲੋਕ ਵਿਰੋਧੀ ਫ਼ੈਸਲਿਆਂ ਦੇ ਖ਼ਿਲਾਫ਼ ਵੀ ਮੁਹਿੰਮ ਜਾਰੀ ਰੱਖੀ ਜਾਵੇਗੀ। ਮੀਟਿੰਗ ਦੇ ਅੰਤ ਵਿਚ ਧਰਮਕੋਟ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਮੇਜਰ ਸਿੰਘ ਨੂੰ ਬਲਾਕ ਪ੍ਰਧਾਨ, ਮੰਦਰ ਸਿੰਘ ਨੂੰ ਮੀਤ ਪ੍ਰਧਾਨ, ਜਸਕਰਨ ਸਿੰਘ ਨੂੰ ਸਕੱਤਰ, ਭਿੰਦਰ ਸਿੰਘ ਨੂੰ ਸਹਾਇਕ ਸਕੱਤਰ, ਨਿਕਾ ਸਿੰਘ ਨੂੰ ਖਜ਼ਾਨਚੀ, ਬਲਕਾਰ ਸਿੰਘ ਨੂੰ ਪ੍ਰੈੱਸ ਸਕੱਤਰ, ਜਦਕਿ ਬਲਵੀਰ ਸਿੰਘ ਅਤੇ ਨਰਿੰਦਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਨਗੇ। ਨਵੀਂ ਬਲਾਕ ਕਮੇਟੀ ਦੇ ਆਗੂਆਂ ਨੇ ਵੀ ਭਰੋਸਾ ਦਵਾਇਆ ਕਿ ਉਹ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਗੇ ਅਤੇ ਯੂਨੀਅਨ ਦੀਆਂ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਭਾਗ ਲੈਣਗੇ।