ਕਿਰਤੀ ਕਿਸਾਨ ਯੂਨੀਅਨ ਵੱਲੋਂ ਧਰਨੇ ਦਾ ਐਲਾਨ
ਕਿਰਤੀ ਕਿਸਾਨ ਵੱਲੋਂ ਆਲੂਆਂ
Publish Date: Wed, 25 Feb 2026 04:28 PM (IST)
Updated Date: Thu, 26 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਕਿਰਤੀ ਕਿਸਾਨ ਵੱਲੋਂ ਆਲੂਆਂ ਦੀ ਫ਼ਸਲ ’ਤੇ ਐੱਮਐੱਸਪੀ ਤੇ ਖਰੀਦ ਦੀ ਗਰੰਟੀ ਲਈ 26 ਫਰਵਰੀ ਨੂੰ ਮੋਗਾ ਡੀਸੀ ਦਫ਼ਤਰ ਅੱਗੇ ਧਰਨੇ ਦੀ ਤਿਆਰੀ ਦੇ ਸਬੰਧ ਵਿਚ ਪਿੰਡ ਲੋਪੋਂ ਵਿਖੇ ਮੀਟਿੰਗ ਬਲਾਕ ਮੀਤ ਪ੍ਰਧਾਨ ਬਲਦੇਵ ਸਿੰਘ ਲੋਪੋ, ਬਲਾਕ ਆਗੂ ਚਮਕੌਰ ਸਿੰਘ ਅਤੇ ਇਕਾਈ ਆਗੂ ਹਰਬੰਸ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਜ਼ਿਲ੍ਹਾ ਆਗੂ ਤੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਨੇ ਮੀਟਿੰਗ ਵਿਚ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਆਲੂਆਂ ਦੀ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤਹਿ ਕਰਕੇ ਸਰਕਾਰੀ ਖ਼ਰੀਦ ਗਾਰੰਟੀ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪੰਜਾਬ ਵਿਚ ਕਰੀਬ 3 ਲੱਖ ਏਕੜ ਜ਼ਮੀਨ ਆਲੂਆਂ ਦੀ ਫ਼ਸਲ ਹੇਠ ਹੈ। ਉਨ੍ਹਾਂ ਕਿਹਾ ਆਲੂ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ’ਚੋਂ ਇਕ ਹੈ। ਮੁਲਕ ਦਾ 60 ਫ਼ੀਸਦੀ ਕਰੀਬ ਆਲੂ ਬੀਜ਼ ਦੇ ਰੂਪ ’ਚ ਪੰਜਾਬ ਵਿਚ ਵਰਤਿਆ ਜਾਂਦਾ ਹੈ। ਇਸ ਅਹਿਮ ਫ਼ਸਲ ਨੂੰ ਰੁਲਣ ਤੋਂ ਬਚਾਉਣ ਲਈ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਸਾਨ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਹੀ ਪਿਛਲੇ ਸਾਲ ਝੋਨੇ ਦੇ ਬੇਹੱਦ ਘੱਟ ਝਾੜ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ ਅਤੇ ਹੁਣ ਆਲੂਆਂ ਦੀ ਫ਼ਸਲ ਦੇ ਘੱਟ ਰੇਟ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਹੈ ਅਤੇ ਕਿਸਾਨੀ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਵਿਚ ਕਿਸਾਨ ਨੇ ਆਲੂਆਂ ਦੀ ਫ਼ਸਲ ’ਚ ਘਾਟੇ ਕਰਕੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਜੇਕਰ ਪੰਜਾਬ ਸਰਕਾਰ ਨੇ ਖੇਤੀ ਵਿਭੰਨਤਾ ਲੈ ਕੇ ਆਉਣੀ ਹੈ ਤਾਂ ਕਿਸਾਨਾਂ ਨੂੰ ਸਬਜ਼ੀ ਵੱਲ ਮੋੜਨ ਲਈ ਸਬਜ਼ੀ ’ਤੇ ਐੱਮਐੱਸਪੀ ਤਹਿਤ ਖ਼ਰੀਦ ਗਾਰੰਟੀ ਦੇਣੀ ਚਾਹੀਦੀ ਹੈ। ਕਿਸਾਨਾਂ ਦੇ ਆਲੂਆਂ ਦੀ ਫ਼ਸਲ ਘੱਟ ਰੇਟ ਕਾਰਨ ਰੁਲ ਰਹੀ ਹੈ ਜਦੋਂ ਕਿ ਪ੍ਰਾਈਵੇਟ ਕੰਪਨੀਆਂ ਇਸੇ ਆਲੂ ਤੋਂ ਲੇਜ ਤਿਆਰ ਕਰਕੇ ਕਰੋੜਾਂ ਰੁਪਏ ਕਮਾਈ ਕਰ ਰਹੀਆ ਹਨ ਪਰੰਤੂ ਕਿਸਾਨ ਦੀ ਕਿਰਤ ਦੀ ਵੱਡੀ ਪੱਧਰ ’ਤੇ ਲੁੱਟ ਹੋ ਰਹੀ ਹੈ ਅਤੇ ਆਲੂ ਕੌਡੀਆਂ ਦੇ ਭਾਅ ਖ਼ਰੀਦੇ ਜਾ ਰਹੇ ਹਨ। ਉਨ੍ਹਾਂ ਕਿਹਾ ਜੇਕਰ ਆਲੂਆਂ ਦੀ ਫ਼ਸਲ ਤੇ ਘੱਟੋ ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤਹਿ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਤਿੱਖ਼ਾ ਸੰਘਰਸ਼ ਵਿੱਢਿਆ ਜਾਵੇ। ਇਸ ਦੌਰਾਨ ਬਲਾਕ ਨਿਹਾਲ ਸਿੰਘ ਵਾਲਾ ਦੀਆਂ ਇਕਾਈ ਵੱਲੋਂ 26 ਫ਼ਰਵਰੀ ਦੇ ਧਰਨੇ ਵਿਚ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿਚ ਬਖੀਰ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਸੁਖਮੰਦਰ ਸਿੰਘ, ਨਿਰਭੈ ਸਿੰਘ, ਰਾਮ ਸਿੰਘ, ਕਾਕਾ ਸਿੰਘ ਅਤੇ ਜਗਸੀਰ ਸਿੰਘ ਲੋਪੋਂ ਸ਼ਾਮਲ ਹੋਏ।