ਕਿਰਤੀ ਕਿਸਾਨ ਯੂਨੀਅਨ ਨੇ ਪਿੰਡ-ਪਿੰਡ ਕਮੇਟੀਆਂ ਦੀ ਚੋਣ ਕਰਨ ਦੀ ਮੁੰਹਿਮ ਕੀਤੀ ਤੇਜ਼
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ
Publish Date: Sun, 12 Apr 2026 05:24 PM (IST)
Updated Date: Mon, 13 Apr 2026 04:07 AM (IST)

ਕੋਰੇਵਾਲਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ, ਘੱਲ ਕਲਾਂ: ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੋਗੇ ਦੇ ਬਲਾਕ ਮੋਗਾ 2 ਦੇ ਪਿੰਡ ਕੋਰੇਵਾਲਾ ਵਿਚ ਪਿੰਡ ਇਕਾਈ ਦੀ ਚੋਣ ਕੀਤੀ ਗਈ । ਇਹ ਚੋਣ ਬਲਾਕ ਪ੍ਰਧਾਨ ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਕੀਤੀ ਗਈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਕੁਲਦੀਪ ਸਿੰਘ ਖੁਖ਼ਰਾਣਾ ਨੇ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿਚ ਖੇਤੀਬਾੜੀ ਅਤੇ ਵਾਤਾਵਰਨ ਬਹੁਤ ਵੱਡਾ ਮਸਲਾ ਬਣੇ ਹੋਏ ਹਨ। ਹਰੇ ਇਨਕਲਾਬ ਦੇ ਅਖੌਤੀ ਖੇਤੀ ਮਾਡਲ ਅਤੇ ਅੰਨ੍ਹੇਵਾਹ ਬੇਤਰਤੀਬੇ ਸਨਅਤੀਕਰਨ, ਸ਼ਹਿਰੀਕਰਨ ਦੇ ਕਾਰਨ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਅਤੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਅਤੇ ਇਸੇ ਤਰ੍ਹਾਂ ਜੋ ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਗੈਰ ਸੰਵਿਧਾਨਿਕ ਤਰੀਕਿਆਂ ਦੇ ਰਾਹੀਂ ਪੰਜਾਬ ਦੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਰਾਜਸਥਾਨ ਸਮੇਤ ਹੋਰ ਸੂਬਿਆਂ ਨੂੰ ਦੇ ਦਿੱਤਾ ਗਿਆ, ਜਿਸ ਕਾਰਨ ਅੱਜ ਪੰਜਾਬ ਵਿਚ ਜਿੱਥੇ ਦਰਿਆਈ ਪਾਣੀ ਦੀ ਵੱਡੀ ਘਾਟ ਹੈ, ਉੱਥੇ ਮੌਜੂਦਾ ਨਹਿਰੀ ਢਾਂਚੇ ਦੇ ਤਹਿਸ ਨਹਿਸ ਹੋਣ ਕਾਰਨ ਪੂਰੇ ਪਾਣੀ ਦੀ ਵਰਤੋਂ ਵੀ ਨਹੀਂ ਹੋ ਰਹੀ ਅਤੇ ਇਸੇ ਤਰ੍ਹਾਂ ਹਰੀ ਕ੍ਰਾਂਤੀ ਦੇ ਮਾਡਲ ਦੇ ਕਾਰਨ ਕਿਸਾਨਾਂ ਸਿਰ ਬੇਥਾਹ ਕਰਜਾਂ ਵੀ ਚੜ੍ਹਿਆ ਹੋਇਆ ਹੈ ਜਿਸ ਕਾਰਨ ਖੁਦਕੁਸ਼ੀਆਂ ਵੱਧ ਰਹੀਆਂ ਹਨ । ਇਸ ਦੇ ਨਾਲ ਹੀ ਪੰਜਾਬ ਦੀ ਖੇਤੀ ਉਪਜ ਨੂੰ ਯੂਰਪ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਤੱਕ ਪਹੁੰਚਾਉਣ ਲਈ ਜਰੂਰੀ ਹੈ ਕਿ ਵਾਹਘਾ ਅਤੇ ਹੁਸੈਨੀਵਾਲਾ ਬਾਰਡਰ ਰਾਹੀਂ ਪਾਕਿਸਤਾਨ ਦੇ ਰਸਤੇ ਵਪਾਰ ਖੋਲ੍ਹਿਆ ਜਾਵੇ ਫਿਰ ਹੀ ਪੰਜਾਬ ਦੀ ਆਰਥਿਕਤਾ, ਖੇਤੀਬਾੜੀ ਅਤੇ ਸਨਅਤ ਨੂੰ ਹੁਲਾਰਾ ਮਿਲ ਸਕਦਾ ਹੈ ਪਰ ਕੇਂਦਰ ਅਤੇ ਪੰਜਾਬ ਸਰਕਾਰਾਂ ਇਨ੍ਹਾਂ ਮਾਮਲਿਆਂ ’ਤੇ ਸਿਰਫ਼ ਤੇ ਸਿਰਫ਼ ਰਾਜਨੀਤੀ ਕਰ ਰਹੀਆਂ ਹਨ ਜਦ ਕਿ ਹਕੀਕੀ ਰੂਪ ਵਿਚ ਇਨ੍ਹਾਂ ਮਾਮਲਿਆਂ ’ਤੇ ਕੁੱਝ ਨਹੀਂ ਕੀਤਾ ਜਾ ਰਿਹਾ ਸਿਰਫ਼ ਇਕ ਦੂਜੇ ’ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਇਨ੍ਹਾਂ ਮੁਦਿਆਂ ਨੂੰ ਜੋਰ ਸ਼ੋਰ ਨਾਲ ਲੋਕਾਂ ਵਿਚ ਲੈ ਕੇ ਜਾਇਆ ਜਾ ਰਿਹਾ ਹੈ ਅਤੇ ਕਿਸਾਨਾ ਦੀ ਅਤੇ ਲੋਕਾਂ ਦੀ ਵੱਡੀ ਲਾਮਬੰਦੀ ਕਰਕੇ ਆਉਣ ਵਾਲੇ ਸਮੇਂ ’ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿਚ ਇਕਾਈ ਪ੍ਰਧਾਨ ਗੁਰਮੀਤ ਸਿੰਘ ,ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮਾ , ਖਜਾਨਚੀ ਰਘਬੀਰ ਸਿੰਘ, ਸਕੱਤਰ ਅਮਰਿੰਦਰ ਸਿੰਘ ,ਜਸਵਿੰਦਰ ਸਿੰਘ ,ਗੁਰਲਾਭ ਸਿੰਘ , ਮਨਦੀਪ ਸਿੰਘ , ਦਲਜੀਤ ਸਿੰਘ , ਗੁਰਵਿੰਦਰ ਸਿੰਘ ,ਅਮਰਜੀਤ ਸਿੰਘ ਦੀ ਮੈਬਰਾਂ ਵਜੋਂ ਚੋਣ ਹੋਈ।