ਹੇਮਕੁੰਟ ਇੰਟਰਨੈਸ਼ਨਲ ਸਕੂਲ ’ਚ ਪ੍ਰੋਗਰਾਮ ਕਰਵਾਇਆ
ਸਥਾਨਕ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ
Publish Date: Fri, 24 Apr 2026 03:43 PM (IST)
Updated Date: Sat, 25 Apr 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਸਥਾਨਕ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਇੰਟਰਨੈਸ਼ਨਲ ਸਕੂਲ ਜੋ ਉੱਚ ਗੁਣਵੱਤਾ ਵਾਲੀ ਸਿੱਖਿਆ, ਅਨੁਸ਼ਾਸਨ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਾਣਿਆ ਜਾਂਦਾ ਹੈ ਵਿਚ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਤਿੰਨ ਦਿਨਾਂ ਗ੍ਰੈਜੂਏਸ਼ਨ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿੰਨ ਦਿਨਾਂ ਸਮਾਰੋਹ ਦੌਰਾਨ ਸਕੂਲ ਦਾ ਮਾਹੌਲ ਖੁਸ਼ੀ ਅਤੇ ਰੌਣਕ ਨਾਲ ਭਰਪੂਰ ਰਿਹਾ। ਪ੍ਰੋਗਰਾਮ ਦਾ ਆਰੰਭ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮਡੀ ਰਣਜੀਤ ਕੌਰ ਸੰਧੂ, ਪ੍ਰਿੰਸੀਪਲ ਮੈਡਮ ਸੋਨੀਆਂ ਸ਼ਰਮਾ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਸਮੇਤ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਸ਼ਮ੍ਹਾਂ ਰੋਸ਼ਨ ਕਰਕੇ ਕੀਤਾ ਗਿਆ। ਕਿੰਡਰਗਾਰਟਨ ਤੋਂ ਗ੍ਰੈਜੂਏਟ ਹੋਣ ਦੀ ਖੁਸ਼ੀ ਪ੍ਰਗਟਾਉਂਦੇ ਹੋਏ ਬੱਚਿਆਂ ਨੇ ਪੈਪੀ ਨੰਬਰਾਂ ਤੇ ਮਨਮੋਹਕ ਨ੍ਰਿਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਕਲਾਤਮਕ ਪ੍ਰਸਤੁਤੀਆਂ ਤੇ ਉਨ੍ਹਾਂ ਦੇ ਕਿੰਡਰਗਾਰਟਨ ਦੇ ਸੁਹਾਵਨੇ ਸਫ਼ਰ ਦੀਆਂ ਝਲਕਾਂ ਨੇ ਮਾਪਿਆਂ ਅਤੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ। ਗ੍ਰੈਜੂਏਸ਼ਨ ਗਾਊਨ ਵਿਚ ਸਜੇ ਬੱਚੇ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਦਿਖਾਈ ਦੇ ਰਹੇ ਸਨ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਦੀ ਬੁਨਿਆਦੀ ਸਿੱਖਿਆ ਹੀ ਉਨ੍ਹਾਂ ਦੇ ਭਵਿੱਖ ਦੀ ਮਜ਼ਬੂਤ ਨੀਂਹ ਹੁੰਦੀ ਹੈ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਮਿਹਨਤ ਨਾਲ ਹੀ ਬੱਚੇ ਉੱਚੀਆਂ ਉਡਾਣਾਂ ਭਰ ਸਕਦੇ ਹਨ। ਪ੍ਰਿੰਸੀਪਲ ਸੋਨੀਆਂ ਸ਼ਰਮਾ ਨੇ ਗ੍ਰੈਜੂਏਟ ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਬੱਚਿਆਂ ਨੂੰ ਸੀਨੀਅਰ ਸਕੂਲ ਦੇ ਨਵੇਂ ਪੜਾਅ ਲਈ ਪ੍ਰੇਰਿਤ ਕਰਦਿਆਂ ਹੌਸਲਾ ਅਫਜ਼ਾਈ ਵੀ ਕੀਤੀ।