ਤੀਰਥ ਸਿੰਘ ਮਾਹਲਾ ਨੇ ਕੀਤੀ ਮਜੀਠੀਆ ਨਾਲ ਮੁਲਾਕਾਤ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ
Publish Date: Thu, 05 Feb 2026 04:02 PM (IST)
Updated Date: Fri, 06 Feb 2026 04:02 AM (IST)

ਪਵਨ ਗਰਗ ਪੰਜਾਬੀ ਜਾਗਰਣ, ਬਾਘਾਪੁਰਾਣਾ : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਸ੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਯੂਥ ਆਗੂ ਜਸਪ੍ਰੀਤ ਸਿੰਘ ਮਾਹਲਾ ਅਤੇ ਯੂਥ ਦੇ ਕੋਰ ਕਮੇਟੀ ਮੈਂਬਰ ਸੁਖਜੀਤ ਸਿੰਘ ਮਾਹਲਾ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲਣ ’ਤੇ ਵਧਾਈ ਦਿੱਤੀ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਮਜੀਠੀਆ ਨੂੰ ਮਿਲੀ ਜ਼ਮਾਨਤ ਇਨਸਾਫ਼ ਦੀ ਜਿੱਤ ਹੈ ਅਤੇ ਇਸ ਨਾਲ ਸਾਬਤ ਹੋ ਗਿਆ ਹੈ ਕਿ ਸੱਚਾਈ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਆਖਿਆ ਕਿ ਮਜੀਠੀਆ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਖੜ੍ਹੇ ਰਹੇ ਹਨ ਅਤੇ ਅੱਗੇ ਵੀ ਪਹਿਲਾਂ ਨਾਲੋਂ ਵਧੇਰੇ ਤਾਕਤ ਨਾਲ ਭ੍ਰਿਸ਼ਟ ਸਰਕਾਰ ਦੇ ਖ਼ਿਲਾਫ਼ ਪੰਜਾਬ ਦੀ ਲੜਾਈ ਲੜਨਗੇ। ਜਥੇਦਾਰ ਮਾਹਲਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਰਾਜਨੀਤਕ ਬਦਲੇ ਦੀ ਨੀਤੀ ਅਪਣਾਈ ਜਾ ਰਹੀ ਹੈ, ਪਰ ਲੋਕ ਹੁਣ ਸਬ ਕੁਝ ਸਮਝ ਚੁੱਕੇ ਹਨ। ਇਸ ਮੌਕੇ ਯੂਥ ਆਗੂ ਜਸਪ੍ਰੀਤ ਸਿੰਘ ਮਾਹਲਾ ਅਤੇ ਸੁਖਜੀਤ ਸਿੰਘ ਮਾਹਲਾ ਨੇ ਕਿਹਾ ਕਿ ਮਜੀਠੀਆ ਦੀ ਜ਼ਮਾਨਤ ਨਾਲ ਨੌਜਵਾਨਾਂ ਵਿਚ ਵੀ ਨਵਾਂ ਜੋਸ਼ ਪੈਦਾ ਹੋਇਆ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਵਰਗ ਅਕਾਲੀ ਦਲ ਨਾਲ ਮਜ਼ਬੂਤੀ ਨਾਲ ਜੁੜ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰੇਗਾ। ਮੁਲਾਕਾਤ ਦੌਰਾਨ ਪੰਜਾਬ ਦੀ ਮੌਜੂਦਾ ਸਥਿਤੀ, ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ। ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਮੁੜ ਮਜ਼ਬੂਤ ਤਾਕਤ ਵਜੋਂ ਉਭਰੇਗਾ।