ਜਗਸ਼ੇਰ ਸਿੰਘ ਮਨਾਵਾਂ ਬਣੇ ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ
ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ
Publish Date: Mon, 16 Mar 2026 03:49 PM (IST)
Updated Date: Tue, 17 Mar 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਵੱਲੋਂ ਸੂਬਾ ਪੱਧਰ ਦੀ ਮੀਟਿੰਗ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਇਕਾਈਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਮੋਗਾ ਇਕਾਈ ਦੀ ਚੋਣ ਸਿਵਲ ਸਰਜਨ ਦਫ਼ਤਰ ਮੋਗਾ ਵਿਖੇ ਕਰਵਾਈ ਗਈ, ਜਿਸ ਵਿਚ ਸਰਬਸੰਮਤੀ ਨਾਲ ਜਗਸ਼ੇਰ ਸਿੰਘ ਮਨਾਵਾਂ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਚੋਣ ਦੌਰਾਨ ਹੋਰ ਅਹੁਦਿਆਂ ਲਈ ਵੀ ਸਰਬਸੰਮਤੀ ਨਾਲ ਨਿਯੁਕਤੀਆਂ ਕੀਤੀਆਂ ਗਈਆਂ। ਇਸ ਤਹਿਤ ਦਵਿੰਦਰ ਸਿੰਘ ਬਰਾੜ ਨੂੰ ਜਰਨਲ ਸਕੱਤਰ, ਜਗਸੀਰ ਸਿੰਘ ਜਲਾਲਾਬਾਦ ਨੂੰ ਵਿੱਤ ਸਕੱਤਰ, ਬਿਸ਼ਵ ਪ੍ਰਭਜੋਤ ਕੌਰ ਪੀਐੱਚਸੀ ਢੁੱਡੀਕੇ ਨੂੰ ਆਡੀਟਰ ਅਤੇ ਸੰਕੇਤ ਅਗਰਵਾਲ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਚੋਣ ਸਮੇਂ ਜ਼ਿਲ੍ਹਾ ਫਾਰਮੇਸੀ ਅਫਸਰ ਗੁਰਮੀਤ ਸਿੰਘ, ਚੀਫ਼ ਫਾਰਮੇਸੀ ਅਫ਼ਸਰ ਸੁਖਪਾਲ ਕੌਰ, ਕੀਰਤਨ ਕੌਰ ਅਤੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਸਮੇਤ ਕਈ ਫਾਰਮੇਸੀ ਅਫ਼ਸਰ ਮੌਜੂਦ ਰਹੇ। ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਕਈ ਮਹੱਤਵਪੂਰਨ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਫਾਰਮੇਸੀ ਅਫ਼ਸਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਵਿਭਾਗ ਤੋਂ ਸਿਹਤ ਵਿਭਾਗ ਵਿਚ ਤਬਦੀਲ ਹੋਏ ਫਾਰਮੇਸੀ ਅਫਸਰਾਂ ਨੂੰ ਰੈਗੂਲਰ ਕਰਨ ਅਤੇ ਸਰਕਾਰੀ ਫ਼ੈਸਲੇ ਅਨੁਸਾਰ ਉਨ੍ਹਾਂ ਨੂੰ ਵਧਿਆ ਤਨਖ਼ਾਹ ਸਕੇਲ ਦੇਣ ਦੀ ਮੰਗ ਵੀ ਰੱਖੀ ਗਈ। ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਜਗਸ਼ੇਰ ਸਿੰਘ ਮਨਾਵਾਂ ਨੇ ਕਿਹਾ ਕਿ ਫਾਰਮੇਸੀ ਅਫ਼ਸਰਾਂ ਦੀ ਜ਼ਿੰਮੇਵਾਰੀ ਦਿਨੋਂ ਦਿਨ ਵੱਧ ਰਹੀ ਹੈ। ਸਟੋਰਾਂ ਵਿਚ ਵੱਖ-ਵੱਖ ਕਿਸਮ ਦੀਆਂ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਾਲ ਨਾਲ ਅੱਜਕੱਲ੍ਹ ਜ਼ਿਆਦਾਤਰ ਕੰਮ ਆਨਲਾਈਨ ਹੋਣ ਕਾਰਨ ਹਰ ਜਾਣਕਾਰੀ ਦਾ ਤੁਰੰਤ ਜਵਾਬ ਦੇਣਾ ਪੈਂਦਾ ਹੈ। ਇਸ ਲਈ ਫਾਰਮੇਸੀ ਕੇਡਰ ਵਿਚ ਨਵੀਆਂ ਅਸਾਮੀਆਂ ਦੀ ਰਚਨਾ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਕਮਲਪ੍ਰੀਤ ਸਿੰਘ, ਅਮਨਦੀਪ ਕੌਰ, ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਫਾਰਮੇਸੀ ਅਫ਼ਸਰ ਹਾਜ਼ਰ ਰਹੇ। ਹਾਜ਼ਰ ਸਾਰੇ ਮੈਂਬਰਾਂ ਵੱਲੋਂ ਨਵੇਂ ਚੁਣੇ ਓਹਦੇਦਾਰਾਂ ਨੂੰ ਵਧਾਈ ਦਿੰਦਿਆਂ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਦਾ ਵਿਸ਼ਵਾਸ ਜਤਾਇਆ ਗਿਆ।