ਜਾਗੋ ਲਹਿਰ ਘੱਲ ਕਲਾਂ ਦੇ 13 ਸਾਲ ਮੁਕੰਮਲ ਹੋਏ
ਪਿੰਡ ਦੀ ਨਾਮਵਰ ਧਾਰਮਿਕ ਸੰਸਥਾ
Publish Date: Fri, 20 Mar 2026 03:22 PM (IST)
Updated Date: Sat, 21 Mar 2026 04:01 AM (IST)

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ, ਘੱਲ ਕਲਾਂ: ਪਿੰਡ ਦੀ ਨਾਮਵਰ ਧਾਰਮਿਕ ਸੰਸਥਾ ਜਾਗੋ ਲਹਿਰ ਘੱਲਕਲਾਂ ਜੋ 2013 ’ਚ ਅਰੰਭ ਹੋਈ 2026 ’ਚ 13 ਸਾਲ ਪੂਰੇ ਕਰ ਚੁੱਕੀ ਹੈ। ਸਰਪ੍ਰਸਤ ਭਾਈ ਜਗਦੇਵ ਸਿੰਘ ਨੇ ਪਿੰਡ ਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਸ਼ਾਮ ਸਮੇਂ ਇਕੱਠੇ ਕਰਕੇ ਦਸਤਾਰ ਸਿਖਾਉਣੀ ਗੁਰਬਾਣੀ ਸੰਥਿਆ ਦੇਣੀ ਸ਼ੂਰੂ ਕੀਤੀ, ਇਹ ਸੇਵਾ 13 ਸਾਲ ਤੋਂ ਨਿਰੰਤਰ ਜਾਰੀ ਚੱਲ ਰਹੀ ਹੈ। ਭਾਵੇਂ ਭਾਈ ਜਗਦੇਵ ਸਿੰਘ ਬਹੁਤ ਸਮਾਂ ਪਹਿਲਾਂ ਵਿਦੇਸ਼ ਚਲੇ ਗਏ ਪਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਭਾਈ ਪ੍ਰਦੀਪ ਸਿੰਘ ਨੂੰ ਇਸ ਸੰਸਥਾ ਦੀ ਵਾਂਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਜਿਸ ਨੂੰ ਪ੍ਰਦੀਪ ਸਿੰਘ ਬਾਖ਼ੂਬੀ ਨਾਲ ਨਿਭਾਅ ਰਹੇ ਹਨ, ਜਦੋਂ ਭਾਈ ਪ੍ਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਾਗੋ ਲਹਿਰ ਘੱਲਕਲਾਂ ਦਾ ਮੁੱਖ ਉਦੇਸ਼ ਹੈ, ਨੌਜਵਾਨ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ, ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦੇ ਨਾਲ ਨਾਲ ਕੀਰਤਨ, ਕਵੀਸ਼ਰੀ ਆਦਿ ਵੀ ਸਿਖਾਇਆ ਜਾਂਦਾ ਹੈ। ਜਾਗੋ ਲਹਿਰ ਦੇ ਹੀ ਬੱਚੇ ਗੁਰਸ਼ਰਨ ਸਿੰਘ, ਗੁਰਬੰਸ ਸਿੰਘ, ਸਾਜਨ ਸਿੰਘ ਜੋ ਕਿ ਕਵੀਸ਼ਰੀ ਰਾਹੀਂ ਦੇਸ਼ਾਂ ਵਿਦੇਸ਼ਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ । ਪਿੰਡ ਘੱਲਕਲਾਂ ਅਤੇ ਹੋਰ ਪਿੰਡਾਂ ਵਿਚ ਦਸਤਾਰ ਕੈਂਪ ਲਗਾਕੇ ਬੱਚਿਆਂ ਨੂੰ ਸੋਹਣੀ ਦਸਤਾਰ ਸਿਖਾਕੇ ਆਪਣੇ ਵਿਰਸੇ ਨਾਲ ਜੋੜਨਾ, ਸੰਸਥਾ ਵਲੋਂ ਧਾਰਮਿਕ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਧਾਰਮਿਕ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾਦੀਆਂ ਨੇ । ਪ੍ਰਦੀਪ ਸਿੰਘ ਨੇ ਦੱਸਿਆ ਮਾਰਚ ਤੋਂ ਨਵੇਂ ਬੱਚਿਆਂ ਦਾ ਗੁਰਦੁਆਰਾ ਸਾਹਿਬ ਘੱਲਕਲਾਂ ਵਿਖੇ ਦਸਤਾਰ ਕੈਂਪ ਸ਼ੁਰੂ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ’ਚ ਬੱਚਿਆਂ ਨੇ ਭਾਗ ਲਿਆ ਅਤੇ ਜਲਦ ਹੀ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸੁਖਪਾਲ ਸਿੰਘ, ਸੰਨਦੀਪ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਨਵਜੋਤ ਸਿੰਘ , ਵਿਕਰਮਜੀਤ ਸਿੰਘ, ਹਰਦੀਪ ਸਿੰਘ, ਜਸ਼ਨਦੀਪ ਸਿੰਘ ਅਤੇ ਹੋਰ ਵੀ ਬੱਚੇ ਸ਼ਾਮਲ ਸਨ।