ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਵੱਲੋਂ ਮੋਗਾ ਤੋਂ ਧਾਰਮਿਕ ਯਾਤਰਾ ਰਵਾਨਾ
ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ
Publish Date: Fri, 05 Jun 2026 03:47 PM (IST)
Updated Date: Sat, 06 Jun 2026 04:02 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਮੋਗਾ ਵੱਲੋਂ ਸ਼ਰਧਾਲੂਆਂ ਲਈ ਕਰਵਾਈ ਵਿਸ਼ਾਲ ਧਾਰਮਿਕ ਬੱਸ ਯਾਤਰਾ ਨੂੰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਵਿਜੈ ਕਪੂਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ’ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਮਾਹੌਲ ਧਾਰਮਿਕ ਤੇ ਆਧਿਆਤਮਿਕ ਭਾਵਨਾਵਾਂ ਨਾਲ ਰੰਗਿਆ ਹੋਇਆ ਸੀ। ਇਸ ਮੌਕੇ ਵਿਜੈ ਕਪੂਰ ਦੇ ਨਾਲ ਪ੍ਰੀਸ਼ਦ ਦੇ ਸੀਨੀਅਰ ਅਹੁਦੇਦਾਰ ਮਹੰਤ ਮਨਮੋਹਨ ਦਾਸ ਬੱਬੀ ਪੰਡਿਤ, ਰਾਕੇਸ਼ ਕੁਮਾਰ ਅਤੇ ਐਡਵੋਕੇਟ ਰਮੇਸ਼ ਚੰਦ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ, ਇਹ ਯਾਤਰਾ ਦਾ ਆਯੋਜਨ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ ਗਰਗ ਅਤੇ ਮਹਾਸਚਿਵ ਰਾਜੇਸ਼ ਸ਼ਰਮਾ ਰਾਜੂ ਦੀ ਅਗਵਾਈ ਹੇਠ ਕੀਤਾ ਗਿਆ।ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਵਿਜੈ ਕਪੂਰ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਸਿਰਫ਼ ਤੀਰਥ ਦਰਸ਼ਨਾਂ ਦਾ ਸਾਧਨ ਨਹੀਂ ਹੁੰਦੀਆਂ, ਸਗੋਂ ਇਹ ਸਮਾਜ ’ਚ ਆਧਿਆਤਮਿਕ ਚੇਤਨਾ, ਸੱਭਿਆਚਾਰਕ ਮੁੱਲਾਂ, ਰਾਸ਼ਟਰ ਭਗਤੀ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਹਮੇਸ਼ਾ ਧਰਮ, ਸੱਭਿਆਚਾਰ ਅਤੇ ਸਮਾਜ ਸੇਵਾ ਦੇ ਕਾਰਜਾਂ ਲਈ ਸਮਰਪਿਤ ਰਹੀ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਲਗਾਤਾਰ ਕਰਵਾਏ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਨਾਤਨ ਸੱਭਿਆਚਾਰ ਦੀ ਰੱਖਿਆ ਅਤੇ ਪ੍ਰਚਾਰ ਪ੍ਰਸਾਰ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਧਾਰਮਿਕ ਯਾਤਰਾਵਾਂ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹਨ। ਇਸ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂ ਰਾਜਸਥਾਨ ਦੇ ਪ੍ਰਸਿੱਧ ਤੀਰਥ ਸਥਾਨਾਂ ਮੇਹੰਦੀਪੁਰ ਬਾਲਾਜੀ ਧਾਮ, ਖਾਟੂ ਸ਼ਿਆਮ ਜੀ ਮੰਦਰ, ਸਾਲਾਸਰ ਬਾਲਾਜੀ ਧਾਮ ਅਤੇ ਸਾਂਵਲੀਆ ਸੇਠ ਮੰਦਰ ਦੇ ਦਰਸ਼ਨ ਕਰਕੇ ਪੁੰਨ ਪ੍ਰਾਪਤ ਕਰਨਗੇ। ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਏਸੀ ਬੱਸ ਸਮੇਤ ਸਾਰੀਆਂ ਲੋੜੀਂਦੀਆਂ ਵਿਵਸਥਾਵਾਂ ਯਕੀਨੀ ਬਣਾਈਆਂ ਗਈਆਂ ਹਨ। ਯਾਤਰਾ ਨੂੰ ਸਫ਼ਲ ਬਣਾਉਣ ਵਿਚ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਕਾਰਕੁੰਨਾਂ ਅਤੇ ਸੇਵਾਦਾਰਾਂ ਦੀ ਮਹੱਤਵਪੂਰਨ ਭੂਮਿਕਾ ਰਹੀ। ਪ੍ਰਮੁੱਖ ਸੇਵਾਦਾਰਾਂ ’ਚ ਆਸ਼ੂ ਸਿੰਗਲ, ਮਨੋਜ ਕੁਮਾਰ, ਮੰਗਤ ਰਾਮ ਸ਼ਰਮਾ, ਰਾਜੇਸ਼ ਕੁਮਾਰ, ਕਮਲ ਗੋਇਲ, ਕਪਿਲ ਖੰਨਾ, ਪਵਨ, ਨਰੇਸ਼ ਕੁਮਾਰ, ਬੰਟੀ, ਦੀਪਕ ਸ਼ਰਮਾ ਅਤੇ ਦੀਪਕ ਬੰਸਲ ਸ਼ਾਮਲ ਹਨ। ਇਸ ਮੌਕੇ ਪਰਿਸ਼ਦ ਅਤੇ ਬਜਰੰਗ ਦਲ ਦੇ ਅਨੇਕਾਂ ਅਹੁਦੇਦਾਰ, ਕਾਰਕੁੰਨ ਅਤੇ ਸ਼ਰਧਾਲੂ ਹਾਜ਼ਰ ਸਨ। ਸਭ ਨੇ ਯਾਤਰਾ ਦੀ ਸਫ਼ਲਤਾ ਅਤੇ ਸ਼ਰਧਾਲੂਆਂ ਦੀ ਮੰਗਲਮਈ ਅਤੇ ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।