ਅਧਿਆਪਕ ਜੋੜੇ ਦੇ ਬੱਚਿਆਂ ਨੂੰ ਮੁਆਵਜ਼ਾ ਦੇਣ ਦੀ ਮੰਗ
ਪਿੱਛਲੇ ਦਿਨੀਂ ਪੰਜਾਬ ਵਿਚ ਹੋ
Publish Date: Sun, 18 Jan 2026 03:22 PM (IST)
Updated Date: Mon, 19 Jan 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਪਿੱਛਲੇ ਦਿਨੀਂ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਾਲੇ ਦਿਨ ਡਿਊਟੀ ’ਤੇ ਆਪਣੀ ਪਤਨੀ ਕੰਵਲਜੀਤ ਕੌਰ ਸ਼ਰੀਰਕ ਸਿੱਖਿਆ ਅਧਿਆਪਕਾ ਨੂੰ ਬੂਥ ’ਤੇ ਛੱਡਣ ਜਾ ਰਹੇ ਅੰਗਰੇਜ਼ੀ ਅਧਿਆਪਕ ਜਸਕਰਨ ਸਿੰਘ ਦੀ ਇਕ ਸੂਏ ਦੇ ਪੁੱਲ ਦੀ ਰੇਲਿੰਗ ਨਾ ਹੋਣ ਕਰਕੇ ਗੱਡੀ ਪਾਣੀ ਵਿਚ ਡਿੱਗ ਪੈਣ ਨਾਲ ਦਰਦਨਾਕ ਮੌਤ ਦਾ ਸ਼ਿਕਾਰ ਹੋ ਗਏ ਸਨ। ਇਹ ਦੋਨੋਂ ਅਧਿਆਪਕ ਆਪਣੇ ਪਿੱਛੇ ਦੋ ਛੋਟੇਛੋਟੇ ਬੱਚੇ ਛੱਡ ਗਏ ਹਨ ਜਿਨ੍ਹਾਂ ਦੀ ਦੇਖਭਾਲ ਕਰਨ ਦੇ ਲਈ ਬੱਚਿਆਂ ਦੇ ਦਾਦੀ ਅਤੇ ਨਾਨੀ ਵੀ ਨਹੀਂ ਹਨ। ਕੇਵਲ ਦਾਦਾ ਅਤੇ ਨਾਨਾ ਹੀ ਬੱਚੇ ਹਨ ਜਿਨ੍ਹਾਂ ਦੀ ਖ਼ੁਦ ਦੀ ਉਮਰ 75- 80 ਸਾਲ ਦੇ ਲਗਪਗ ਹੈ। ਅਜਿਹੇ ਵਿਚ ਐਨਾ ਦੋਨੋਂ ਬਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਹਨ੍ਹੇਰੇ ਵਿਚ ਪੈ ਚੁੱਕਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਹਾਲ ਸਿੰਘ ਵਾਲਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਭਵਿੱਖ ਦੇ ਸਿਰਜ਼ਨਹਾਰ ਅਧਿਆਪਕਾਂ ਨੂੰ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ ਪਰੰਤੂ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਸਰਕਾਰ ਖੜ੍ਹੇ ਪੈਰ 25-25 ਲੱਖ ਰੁਪਏ ਮੁਆਵਜ਼ਾ ਦੇ ਦਿੰਦੀ ਹੈ। ਏਥੋਂ ਤੱਕ ਕਿ ਏਨਾ ਦੋਨੋ ਅਧਿਆਪਕ ਪਤੀਪਤਨੀ ਦੀ ਅੰਤਿਮ ਅਰਦਾਸ ਵਿਚ ਦੁਨੀਆ ਭਰ ਦੇ ਲੋਕਾਂ ਨੇ ਸ਼ਿਰਕਤ ਕੀਤੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਵੀ ਮੰਤਰੀ ਨੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣਾ ਜ਼ਰੂਰੀ ਨਹੀਂ ਸਮਝਿਆ ਜਿਸ ਦਾ ਲੋਕਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਜਥੇਬੰਦੀਆਂ ਲਗਾਤਾਰ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰੰਤੂ ਸਰਕਾਰ ਦੇ ਕੰਨ ’ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ। ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਕਰਕੇ ਇਸ ਅਹਿਮ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਇਹ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਨਿਹਾਲ ਸਿੰਘ ਵਾਲਾ ਹਲਕੇ ਦੀ ਅਕਾਲੀ ਦਲ ਦੀ ਜੱਥੇਬੰਦੀ ਸੰਘਰਸ਼ ਵਿੱਢੇਗੀ ਅਤੇ ਅਨਾਥ ਬੱਚਿਆਂ ਨੂੰ ਬਣਦਾ ਹੱਕ ਦਵਾ ਕੇ ਹੀ ਦਮ ਲਵੇਗੀ।