- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਫਸੀ ਇੰਸਟੀਚਿਊਟ ਆਫ਼ ਫਾਰਮੇਸੀ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਐੱਸਐੱਫਸੀ ਇੰਸਟੀਚਿਊਟ ਆਫ਼ ਫਾਰਮੇਸੀ ਮੋਗਾ ਵੱਲੋਂ ਵਿਦਿਆਰਥੀਆਂ ਦੀ ਅਕਾਦਮਿਕ ਜਾਣਕਾਰੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਆਧੁਨਿਕ ਸਿਹਤ ਖੇਤਰ ਦੀਆਂ ਨਵੀਂ ਤਕਨਾਲੋਜੀਆਂ ਨਾਲ ਰੁਬਰੂ ਕਰਵਾਉਣ ਦੇ ਉਦੇਸ਼ ਨਾਲ ‘ਡਿਜ਼ੀਟਲ ਹੈਲਥ ਕੇਅਰ ਟੈਕਨੋਲੋਜੀਜ਼’ ਵਿਸ਼ੇ ’ਤੇ ਇਕ ਵਿਸ਼ੇਸ਼ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਜਾਣਕਾਰੀਪੂਰਨ ਲੈਕਚਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿਚ ਤੇਜ਼ੀ ਨਾਲ ਆ ਰਹੇ ਡਿਜ਼ੀਟਲ ਬਦਲਾਅ ਅਤੇ ਉਸ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਉਣਾ ਸੀ। ਇਸ ਮੌਕੇ ’ਤੇ ਮੁੱਖ ਵਕਤਾ ਵਜੋਂ ਸ਼ਿਰਕਤ ਕਰਦੇ ਹੋਏ ਡਾ. ਕਮਲਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡਿਜ਼ੀਟਲ ਹੈਲਥ ਕੇਅਰ ਦੇ ਖੇਤਰ ਵਿਚ ਆ ਰਹੀਆਂ ਨਵੀਂ ਤਕਨਾਲੋਜੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਟੈਲੀਮੇਡਿਸਨ, ਇਲੈਕਟ੍ਰਾਨਿਕ ਹੈਲਥ ਰਿਕਾਰਡਸ, ਆਰਟੀਫੀਸ਼ਲ ਇੰਟੈਲੀਜੈਂਸ ਆਧਾਰਤ ਡਾਇਗਨੋਸਟਿਕਸ ਅਤੇ ਡਿਜ਼ੀਟਲ ਹੈਲਥ ਮਾਨੀਟਰਿੰਗ ਸਿਸਟਮ ਵਰਗੀਆਂ ਤਕਨਾਲੋਜੀਆਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਸਮਝਾਇਆ। ਡਾ. ਕਮਲਦੀਪ ਸਿੰਘ ਨੇ ਦੱਸਿਆ ਕਿ ਇਹ ਤਕਨਾਲੋਜੀਆਂ ਸਿਹਤ ਸੇਵਾਵਾਂ ਨੂੰ ਹੋਰ ਤੇਜ਼, ਸੁਚੱਜੀਆਂ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਡਿਜ਼ਟਲ ਹੈਲਥ ਦੇ ਖੇਤਰ ਵਿਚ ਵਿਦਿਆਰਥੀਆਂ ਲਈ ਭਵਿੱਖ ਵਿਚ ਕਈ ਨਵੇਂ ਕਰੀਅਰ ਮੌਕੇ ਉਪਲਬਧ ਹੋ ਸਕਦੇ ਹਨ। ਇਸ ਮੌਕੇ ’ਤੇ ਐੱਸਐੱਫਸੀ ਗਰੁੱਪ ਦੇ ਸੀਐੱਮਡੀ ਐਡਵੋਕੇਟ ਅਭਿਸ਼ੇਕ ਜਿੰਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿਹਤ ਸਿੱਖਿਆ ਦੇ ਖੇਤਰ ਵਿਚ ਤਕਨਾਲੋਜੀਕਲ ਤਰੱਕੀ ਦੇ ਨਾਲ ਕਦਮ ਮਿਲਾ ਕੇ ਚਲਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਨੂੰ ਸਮੇਂ ਸਮੇਂ ’ਤੇ ਇਸ ਤਰ੍ਹਾਂ ਦੇ ਵਿੱਦਿਅਕ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਨਵੀਆਂ ਤਕਨਾਲੋਜੀਆਂ ਅਤੇ ਵਿਗਿਆਨਕ ਵਿਕਾਸ ਬਾਰੇ ਜਾਣੂੰ ਰਹਿ ਸਕਣ। ਉਨ੍ਹਾਂ ਸੰਸਥਾ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੀਆਂ ਹਨ। ਇਸ ਦੌਰਾਨ ਫਰਸਟ ਲੇਡੀ ਸ਼ੀਨਮ ਜਿੰਦਲ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਉਤਸੁਕ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਲੈਕਚਰ ਵਿਚ ਐੱਸਐੱਫਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀਆਂ ਵੱਖ ਵੱਖ ਇਕਾਈਆਂ ਜਿਵੇਂ ਕਿ ਮੈਨੇਜਮੈਂਟ ਕਾਲਜ, ਨਰਸਿੰਗ ਕਾਲਜ ਅਤੇ ਆਈਟੀਆਈ. ਦੇ ਵਿਦਿਆਰਥੀਆਂ ਨੇ ਫਾਰਮੇਸੀ ਸੰਸਥਾ ਦੇ ਵਿਦਿਆਰਥੀਆਂ ਨਾਲ ਮਿਲ ਕੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ’ਤੇ ਹੋਰ ਮਾਣਯੋਗ ਹਸਤੀਆਂ ਵਿਚ ਡਾ. ਏਐੱਸ ਬੇਦੀ ਗਰੁੱਪ ਡਾਇਰੈਕਟਰ ਐੱਸਐੱਫਸੀ ਕਾਲਜਜ਼, ਡਾ. ਆਰਤੀ ਸੰਗਰੇ ਪ੍ਰਿੰਸੀਪਲ ਫਾਰਮੇਸੀ, ਡਾ. ਨੇਹਾ ਮਹਾਜਨ ਪ੍ਰਿੰਸੀਪਲ, ਮੈਨੇਜਮੈਂਟ, ਮਨਜਿੰਦਰ ਸਿੰਘ ਸੇਖੋਂ ਪ੍ਰਿੰਸੀਪਲ ਆਈਟੀਆਈ ਅਤੇ ਮਨਦੀਪ ਕੌਰ ਪ੍ਰਿੰਸੀਪਲ ਨਰਸਿੰਗ ਵੀ ਹਾਜ਼ਰ ਰਹੇ। ਸਮਾਰੋਹ ਦੇ ਅੰਤ ਵਿਚ ਸੰਸਥਾ ਵੱਲੋਂ ਆਏ ਹੋਏ ਅਤਿਥੀ ਵਕਤਾ ਡਾ. ਕਮਲਦੀਪ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਤਰ੍ਹਾਂ ਦੇ ਗਿਆਨਵਰਧਕ ਲੈਕਚਰ ਲਈ ਆਭਾਰ ਪ੍ਰਗਟਾਇਆ ਗਿਆ। ਸੰਸਥਾ ਪ੍ਰਬੰਧਨ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਅਕਾਦਮਿਕ ਅਤੇ ਜਾਣਕਾਰੀਪੂਰਨ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ।