ਧਰਮ ਰੱਖਿਆ ਸੇਵਾ ਮੰਚ ਵੱਲੋਂ ਚਾਹ ਦਾ ਲੰਗਰ ਆਰੰਭ
ਧਰਮ ਰੱਖਿਆ ਸੇਵਾ ਮੰਚ ਵੱਲੋਂ ਹਰ ਸਾਲ
Publish Date: Thu, 01 Jan 2026 03:55 PM (IST)
Updated Date: Fri, 02 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਧਰਮ ਰੱਖਿਆ ਸੇਵਾ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਰਦੀਆਂ ਦੇ ਕੜਾਕੇ ਨੂੰ ਧਿਆਨ ਵਿਚ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਦੇ ਮਹਾਨ ਉਦੇਸ਼ ਨਾਲ ਚਾਹ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਗਈ। ਨਵੇਂ ਸਾਲ ਦੇ ਸ਼ੁਭ ਮੌਕੇ ’ਤੇ ਮੰਚ ਦੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਮਿਨੀ ਟੈਂਕਰਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਗਰਮਾ-ਗਰਮ ਚਾਹ ਵੰਡਣ ਦੀ ਸੇਵਾ ਆਰੰਭ ਹੋਈ, ਜਿਸ ਨਾਲ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲੀ। ਕੜਾਕੇ ਦੀ ਠੰਢ ਅਤੇ ਬਰਫੀਲੀਆਂ ਹਵਾਵਾਂ ਦੇ ਵਿਚਕਾਰ ਸਵੇਰੇ ਸੱਤ ਵਜੇ ਤੋਂ ਨੇਚਰ ਪਾਰਕ ਦੇ ਬਾਹਰ ਦਿਹਾੜੀ ਮਜ਼ਦੂਰੀ ਦੀ ਤਲਾਸ਼ ਵਿੱਚ ਬੈਠੇ ਮਜ਼ਦੂਰਾਂ ਨੂੰ ਅਤੇ ਮਥੁਰਾਦਾਸ ਸਿਵਲ ਹਸਪਤਾਲ ਵਿਚ ਇਲਾਜ ਲਈ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੂੰ ਗਰਮਾ-ਗਰਮ ਚਾਹ ਵੰਡੀਂ ਗਈ। ਇਸ ਸੇਵਾ ਕਾਰਜ ਦੌਰਾਨ ਮੰਚ ਦੇ ਸਰਪਰਸਤ ਰਾਜਿੰਦਰ ਵਧਵਾ ਅਤੇ ਚੇਅਰਮੈਨ ਸੁਰਿੰਦਰ ਸ਼ਰਮਾ ਗੁੱਲੂ ਨੇ ਕਿਹਾ ਕਿ ਧਰਮ ਰੱਖਿਆ ਸੇਵਾ ਮੰਚ ਹਮੇਸ਼ਾਂ ਹੀ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗ ਦੀ ਸੇਵਾ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਮਨੁੱਖਤਾ ਭਰੇ ਕਾਰਜ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਮਹੀਨੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਅਤੇ ਲੋੜਵੰਦਾਂ ਲਈ ਇਕ ਲੰਗਰ ਵੈਨ ਸ਼ੁਰੂ ਕੀਤੀ ਜਾਵੇਗੀ, ਜੋ ਮੌਕੇ ’ਤੇ ਪਹੁੰਚ ਕੇ ਗਰਮਾ-ਗਰਮ ਭੋਜਨ ਉਪਲਬਧ ਕਰਵਾਏਗੀ। ਮੰਚ ਦੇ ਪ੍ਰਧਾਨ ਸੋਨੂ ਅਰੋੜਾ ਅਤੇ ਜਨਰਲ ਸਕੱਤਰ ਨਾਨਕ ਚੋਪੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਗਰਮੀਆਂ ਦੇ ਮੌਸਮ ਵਿਚ ਠੰਡੇ ਪਾਣੀ ਦੇ ਟੈਂਕਰਾਂ ਰਾਹੀਂ ਅਤੇ ਸਰਦੀਆਂ ਵਿੱਚ ਚਾਹ ਲੰਗਰ ਦੀ ਸੇਵਾ ਪੂਰੀ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਂਦੀ ਹੈ। ਪ੍ਰਧਾਨ ਸੋਨੂ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਚਾਹ ਸੇਵਾ ਸਵਰਗੀਅ ਜੋਗਿੰਦਰ ਪਾਲ ਸਹਿਗਲ ਦੀ ਪਾਵਨ ਯਾਦ ਵਿਚ ਉਨ੍ਹਾਂ ਦੀ ਸਪੁਤਰੀ ਨੀਤੂ ਚੋਪੜਾ ਅਤੇ ਦਾਮਾਦ ਨਾਨਕ ਚੋਪੜਾ ਵੱਲੋਂ ਕਰਵਾਈ ਗਈ। ਇਸ ਮੌਕੇ ਧਰਮ ਰੱਖਿਆ ਸੇਵਾ ਮੰਚ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਗੁੱਲੂ, ਸੰਸਥਾਪਕ ਅਧ੍ਯਕਸ਼ ਸੋਨੂ ਅਰੋੜਾ, ਜ਼ਿਲ੍ਹਾ ਪ੍ਰਧਾਨ ਦੀਪਕ ਬੇਦੀ, ਖੱਤਰੀ ਸਭਾ ਦੇ ਪ੍ਰਧਾਨ ਨਾਨਕ ਚੋਪੜਾ, ਦੀਪਕ ਸ਼ਰਮਾ, ਡੇਵਿਡ ਖੰਨਾ, ਗੋਲਡੀ ਵਰਮਾ, ਵਿੱਕੀ ਸਿਤਾਰਾ, ਵਿਨੋਦ ਕੁਮਾਰ ਗੋਲੂ, ਹਰਮੇਸ਼ ਬੱਗਾ, ਪੁਰੁਸ਼ੋਤਮ ਸ਼ਰਮਾ, ਅਸ਼ੋਕ ਮੰਚੰਦਾ, ਚੰਦੂ ਅਰੋੜਾ ਸਮੇਤ ਹੋਰ ਗਣਮਾਨਯ ਮੈਂਬਰ ਹਾਜ਼ਰ ਰਹੇ।