- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਮੇਨ ਬਾਜ਼ਾਰ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਐਤਵਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਮੇਨ ਬਾਜ਼ਾਰ ’ਚ ‘ਨੋ-ਪਾਰਕਿੰਗ’ ਖੇਤਰਾਂ ਵਿਚ ਖੜ੍ਹੇ ਕਈ ਵਾਹਨਾਂ ਦੇ ਚਾਲਾਨ ਕੱਟੇ ਗਏ। ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਵਿਚ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਐਤਵਾਰ ਨੂੰ ਅਧਿਆਪਕਾਂ ਦੀ ਪ੍ਰੀਖਿਆ ਹੋ ਰਹੀ ਸੀ। ਇਸ ਪ੍ਰੀਖਿਆ ਵਿਚ ਭਾਗ ਲੈਣ ਲਈ ਦੂਰ-ਦਰਾਜ਼ ਇਲਾਕਿਆਂ ਤੋਂ ਉਮੀਦਵਾਰ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਗੱਡੀਆਂ ਸਕੂਲ ਦੇ ਨੇੜੇ ਸੜਕਾਂ ਦੇ ਕਿਨਾਰੇ ਅਤੇ ਦੁਕਾਨਾਂ ਦੇ ਸਾਹਮਣੇ ਹੀ ਬੇਤਰਤੀਬ ਢੰਗ ਨਾਲ ਖੜ੍ਹੀਆਂ ਕਰ ਦਿੱਤੀਆਂ। ਬਿਨ੍ਹਾਂ ਸੋਚੇ-ਸਮਝੇ ਕੀਤੀ ਗਈ ਇਸ ਪਾਰਕਿੰਗ ਕਾਰਨ ਬਾਜ਼ਾਰ ਵਿਚ ਆਉਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਗਲਤ ਢੰਗ ਨਾਲ ਖੜ੍ਹੇ ਵਾਹਨਾਂ ਕਾਰਨ ਨਾ ਸਿਰਫ਼ ਗਾਹਕਾਂ ਲਈ ਦੁਕਾਨਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਸੀ ਸਗੋਂ ਟ੍ਰੈਫਿਕ ਵੀ ਕਈ ਵਾਰ ਪੂਰੀ ਤਰ੍ਹਾਂ ਰੁਕ ਜਾਂਦਾ ਸੀ। ਕਈ ਥਾਵਾਂ ’ਤੇ ਤਾਂ ਜਾਮ ਵਰਗੀ ਸਥਿਤੀ ਬਣ ਗਈ। ਜਿਸ ਨਾਲ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਲੰਘਣ ਵਿਚ ਕਾਫ਼ੀ ਸਮਾਂ ਲੱਗ ਰਿਹਾ ਸੀ। ਸਥਿਤੀ ਦੀ ਜਾਣਕਾਰੀ ਮਿਲਦੇ ਹੀ ਟ੍ਰੈਫਿਕ ਪੁਲਿਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਕਰਮਚਾਰੀਆਂ ਨੇ ਪਹਿਲਾਂ ਸੜਕਾਂ ’ਤੇ ਖੜ੍ਹੇ ਵਾਹਨਾਂ ਨੂੰ ਹਟਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਵਾਹਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਵਾਹਨ ਤੁਰੰਤ ਉੱਥੋਂ ਹਟਾਉਣ। ਇਸ ਤੋਂ ਬਾਅਦ ਜਿਨ੍ਹਾਂ ਵਾਹਨ ਮਾਲਕਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ, ਉਨ੍ਹਾਂ ਦੇ ਚਲਾਨ ਕੱਟੇ ਗਏ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਬਾਜ਼ਾਰ ਵਿਚ ਟ੍ਰੈਫਿਕ ਦੀ ਸਥਿਤੀ ਕਾਫ਼ੀ ਹੱਦ ਤੱਕ ਸੁਧਰ ਗਈ ਅਤੇ ਰਾਹਗੀਰਾਂ ਨੂੰ ਵੀ ਰਾਹਤ ਮਿਲੀ। ਟ੍ਰੈਫਿਕ ਪੁਲਿਸ ਨੇ ਕੁੱਝ ਵਾਹਨਾਂ ਨੂੰ ਉੱਥੋਂ ਹਟਵਾ ਕੇ ਨੇੜਲੇ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਭੇਜਿਆ ਤਾਂ ਜੋ ਬਾਜ਼ਾਰ ਵਿਚ ਆਵਾਜਾਈ ਸੁਚੱਜੇ ਢੰਗ ਨਾਲ ਚੱਲ ਸਕੇ। ਇਸ ਮੌਕੇ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਵਿਚ ਗਲਤ ਪਾਰਕਿੰਗ ਕਰਨਾ ਕਾਨੂੰਨੀ ਉਲੰਘਣਾ ਹੈ ਅਤੇ ਇਸ ਨਾਲ ਹੋਰ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਪੁਲਿਸ ਵੱਲੋਂ ਅਜਿਹੀ ਕਾਰਵਾਈ ਅਗਾਂਹ ਵੀ ਜਾਰੀ ਰਹੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਉਹ ਬਾਜ਼ਾਰ ਜਾਂ ਕਿਸੇ ਭੀ ਭੀੜ ਵਾਲੇ ਇਲਾਕੇ ਵਿਚ ਜਾਣ ਤਾਂ ਆਪਣੇ ਵਾਹਨ ਹਮੇਸ਼ਾ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕਰਨ। ਗਲਤ ਪਾਰਕਿੰਗ ਕਾਰਨ ਨਾ ਸਿਰਫ਼ ਟ੍ਰੈਫਿਕ ਜਾਮ ਦੀ ਸਥਿਤੀ ਬਣਦੀ ਹੈ ਸਗੋਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਰਗੀਆਂ ਹੰਗਾਮੀ ਸੇਵਾਵਾਂ ਨੂੰ ਵੀ ਰਸਤਾ ਮਿਲਣ ਵਿਚ ਦਿੱਕਤ ਆ ਸਕਦੀ ਹੈ। ਇਸ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਅਤੇ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਵਿਚ ਸਹਿਯੋਗ ਦੇਵੇ। ਇਸ ਮੌਕੇ ਟ੍ਰੈਫਿਕ ਪੁਲਿਸ ਦੀ ਟੀਮ ਵਿਚ ਏਐੱਸਆਈ ਗੁਰਿੰਦਰਜੀਤ ਸਿੰਘ, ਏਐੱਸਆਈ ਸੁਖਚੈਨ ਸਿੰਘ, ਕਾਂਸਟੇਬਲ ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਵੀ ਮੌਜੂਦ ਸਨ, ਜਿਨ੍ਹਾਂ ਨੇ ਟ੍ਰੈਫਿਕ ਵਿਵਸਥਾ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ।