- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਸੱਤਿਆ ਸਾਈਂ ਮੁਰਲੀਧਰ ਆਯੁਰਵੈਦਿਕ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸ੍ਰੀ ਸੱਤਿਆ ਸਾਈਂ ਮੁਰਲੀਧਰ ਆਯੁਰਵੈਦਿਕ ਕਾਲਜ ਮੋਗਾ ਵਿਚ ਅੱਜ ਭਾਰਤੀ ਨਵਾਂ ਸਾਲ ਵਿਕਰਮ ਸੰਵਤ 2083 ਬੜੇ ਹੀ ਉਤਸ਼ਾਹ ਧਾਰਮਿਕ ਭਾਵਨਾਵਾਂ ਅਤੇ ਸੰਸਕ੍ਰਿਤਿਕ ਰੰਗਾਂ ਨਾਲ ਮਨਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਪੀਸੀ ਸਿੰਗਲਾ ਦੀ ਅਗਵਾਈ ਹੇਠ ਅਤੇ ਵਿਸ਼ਵ ਆਯੁਰਵੇਦ ਪ੍ਰੀਸ਼ਦ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦਾ ਆਰੰਭ ਪਰੰਪਰਾਗਤ ਢੰਗ ਨਾਲ ਕੀਤਾ ਗਿਆ, ਜਿਸ ਨਾਲ ਪੂਰੇ ਮਾਹੌਲ ਵਿਚ ਭਾਰਤੀ ਸੰਸਕ੍ਰਿਤੀ ਦੀ ਸੁਗੰਧ ਮਹਿਸੂਸ ਹੋਈ। ਪ੍ਰੋਗਰਾਮ ਦਾ ਸੰਚਾਲਨ ਕਾਲਜ ਦੇ ਪ੍ਰੋਫੈਸਰ ਅਤੇ ਵਿਸ਼ਵ ਆਯੁਰਵੇਦ ਪ੍ਰੀਸ਼ਦ, ਪੰਜਾਬ ਦੇ ਸਕੱਤਰ ਡਾ. ਸੁਧੀਰ ਤੁਰੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਸਬੋਧਨ ਕਰਦਿਆਂ ਡਾ. ਸੁਧੀਰ ਤੁਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤੀ ਨਵਾਂ ਸਾਲ ਵਿਕਰਮ ਸੰਵਤ 2083 ਸ੍ਰਿਸ਼ਟੀ ਦੀ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਿਰਫ਼ ਕੈਲੰਡਰ ਦੀ ਬਦਲੀ ਨਹੀਂ, ਸਗੋਂ ਨਵੇਂ ਵਿਚਾਰਾਂ, ਉਮੀਦਾਂ ਅਤੇ ਸੰਕਲਪਾਂ ਦਾ ਆਗਾਜ਼ ਵੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 19 ਮਾਰਚ ਤੋਂ ਇਸ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਪਰੰਪਰਾਵਾਂ ਨਾਲ ਜੁੜੇ ਰਹਿਣ ਅਤੇ ਆਪਣੇ ਸੰਸਕਾਰਾਂ ਨੂੰ ਸਾਂਭ ਕੇ ਰੱਖਣ ਦੀ ਅਪੀਲ ਕੀਤੀ। ਇਸ ਸਮਾਗਮ ਦੌਰਾਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮਾਨਯੋਗ ਫੈਕਲਟੀ ਮੈਂਬਰਾਂ ਡਾ. ਮਨਿੰਦਰ, ਡਾ. ਰੇਨੀ ਸਚਦੇਵ, ਡਾ. ਦੀਪਸ਼ਿਖਾ ਸ਼ਰਮਾ ਅਤੇ ਅਪਨੀਤ ਵਾਲੀਆ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਨਵੇਂ ਸਾਲ ਦੇ ਇਤਿਹਾਸਕ ਅਤੇ ਸਾਂਸਕ੍ਰਿਤਿਕ ਮਹੱਤਵ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਭਾਰਤੀ ਤਿਉਹਾਰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਜੀਵਨ ਨੂੰ ਸਿਹਤਮੰਦ, ਸੰਤੁਲਿਤ ਅਤੇ ਪ੍ਰਕਿਰਤੀ ਦੇ ਨੇੜੇ ਰੱਖਣ ਦਾ ਇਕ ਮਹੱਤਵਪੂਰਨ ਜ਼ਰੀਆ ਹਨ। ਨਵੇਂ ਸਾਲ ਦੇ ਆਗਮਨ ਨਾਲ ਹੀ ਕਈ ਮਹੱਤਵਪੂਰਨ ਵਰਤ ਅਤੇ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ, ਜਿਨ੍ਹਾਂ ਵਿਚ ਨਵਰਾਤਰੀ ਖ਼ਾਸ ਤੌਰ ’ਤੇ ਮਹੱਤਵਪੂਰਨ ਮੰਨੀ ਜਾਂਦੀ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵਿਚ ਖੂਬ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਨਾਲ ਜੁੜਨ ਦੀ ਆਪਣੀ ਰੁਚੀ ਵੀ ਦਰਸਾਈ। ਅੰਤ ਵਿਚ ਸਾਰੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕ-ਦੂਜੇ ਨੂੰ ਭਾਰਤੀ ਨਵਾਂ ਸਾਲ ਵਿਕਰਮ ਸੰਵਤ 2083 ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਨਵੇਂ ਸਾਲ ਨੂੰ ਖੁਸ਼ਹਾਲੀ, ਤਰੱਕੀ ਅਤੇ ਸੁਖ-ਸਮ੍ਰਿੱਧੀ ਨਾਲ ਭਰਪੂਰ ਬਣਾਉਣ ਦੀ ਕਾਮਨਾ ਕੀਤੀ। ਇਸ ਪ੍ਰਕਾਰ ਇਹ ਸਮਾਗਮ ਸਿਰਫ਼ ਇਕ ਤਿਉਹਾਰ ਦੀ ਮਨਾਉਣੀ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਆਪਣੇ ਸਾਂਸਕ੍ਰਿਤਿਕ ਵਿਰਸੇ ਨਾਲ ਜੋੜਨ ਦਾ ਇਕ ਪ੍ਰੇਰਣਾਦਾਇਕ ਉਪਰਾਲਾ ਸਾਬਤ ਹੋਇਆ।