ਰਾਜ ਪੱਧਰੀ ਟੀਚਰ ਫੈਸਟ ’ਚ ਇੰਦਰਜੀਤ ਸਿੰਘ ਅੱਵਲ
ਸਰਕਾਰੀ ਹਾਈ ਸਕੂਲ ਅਮੀਂਵਾਲਾ
Publish Date: Sun, 15 Feb 2026 04:35 PM (IST)
Updated Date: Mon, 16 Feb 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਰਗਣ, ਮੋਗਾ: ਸਰਕਾਰੀ ਹਾਈ ਸਕੂਲ ਅਮੀਂਵਾਲਾ ਦੇ ਸਾਇੰਸ ਮਾਸਟਰ ਇੰਦਰਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਚ 12 ਫਰਵਰੀ 2026 ਨੂੰ ਹੋਏ ਰਾਜ ਪੱਧਰੀ ਟੀਚਰ ਫੈਸਟ 2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਰਾਜ ਦੇ 23 ਜ਼ਿਲ੍ਹਿਆਂ ਤੋਂ ਅਧਿਆਪਕਾਂ ਨੇ ਭਾਗ ਲਿਆ। ਸਕੂਲ ਦੇ ਕੰਪਿਊਟਰ ਫੈਕਲਿਟੀ ਜੱਸਾ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਪਲਬਧੀ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਨੇ ਆਪਣੀ ਮਿਹਨਤ, ਲਗਨ ਅਤੇ ਪ੍ਰਪੱਕਤਾ ਨਾਲ ਇਹ ਸਨਮਾਨ ਹਾਸਿਲ ਕੀਤਾ ਹੈ। ਉਨ੍ਹਾਂ ਦੀ ਉਪਲਬਧੀਆਂ ਦੀ ਸੂਚੀ ਕਾਫ਼ੀ ਲੰਬੀ ਹੈ। ਪਿਛਲੇ ਸਾਲ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸਜ਼, ਬੈਂਗਲੁਰੂ ਵਿਚ ਹੋਏ ਸਾਇੰਸ ਟੀਚਰ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਬੈਸਟ ਪਰਫਾਰਮਰ ਦਾ ਐਵਾਰਡ ਮਿਲਿਆ ਸੀ। ਇੰਦਰਜੀਤ ਸਿੰਘ ਨੇ ਪਹਿਲਾਂ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਟੀਚਰ ਫੈਸਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰ ਲਈ ਕਵਾਲੀਫਾਈ ਕੀਤਾ ਸੀ। ਅਧਿਆਪਕ ਮੁਕਾਬਲਿਆਂ ਦੀ ਤਿਆਰੀ ਦੇ ਨਾਲ ਨਾਲ ਉਹ ਆਪਣੇ ਸਕੂਲ ਦੇ ਦੂਜੇ ਸਾਇੰਸ ਮਾਸਟਰ ਸੁਖਦੀਪ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਵੀ ਵੱਖ ਵੱਖ ਮੁਕਾਬਲਿਆਂ ਲਈ ਤਿਆਰ ਕਰਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਸਾਲ 2025-26 ਦੌਰਾਨ ਵਿਦਿਆਰਥੀਆਂ ਨੇ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ 16 ਸਥਾਨ ਹਾਸਿਲ ਕੀਤੇ ਹਨ। ਇਸ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਸ ਮੋਗਾ ਅਸ਼ੀਸ਼ ਕੁਮਾਰ, ਡਿਪਟੀ ਡੀਈਓ. ਗੁਰਦਿਆਲ ਸਿੰਘ ਮਠਾੜੂ ਅਤੇ ਡੀਆਰਸੀ ਨਵਦੀਪ ਸਿੰਘ, ਪਲਵਿੰਦਰ ਸਿੰਘ ਅਤੇ ਬੀਆਰਸੀ ਦੇਸ਼ਵੀਰ ਸਿੰਘ ਨੇ ਇੰਦਰਜੀਤ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਸਕੂਲ ਪਹੁੰਚਣ ’ਤੇ ਸਕੂਲ ਮੁਖੀ ਸੰਤੋਖ ਸਿੰਘ ਅਤੇ ਸਮੂਹ ਸਟਾਫ਼ ਨੇ ਇੰਦਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਨ ਨੇ ਉਨ੍ਹਾਂ ਨੂੰ ਮਿਹਨਤੀ ਅਤੇ ਪਰਿਪੱਕ ਅਧਿਆਪਕ ਦੱਸਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਲਈ ਪ੍ਰੇਰਣਾਸਰੋਤ ਹਨ।