ਖੋਸਾ ਪਾਂਡੋ ’ਚ ਨਰੇਗਾ ਖਤਮ ਕਰਨ ਦਾ ਕੀਤਾ ਵਿਰੋਧ
ਮੋਗਾ ਤੋਂ ਥੋੜੀ ਦੂਰ ਪਿੰਡ ਖੋਸਾ ਪਾਂਡੋ
Publish Date: Fri, 02 Jan 2026 03:56 PM (IST)
Updated Date: Sat, 03 Jan 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਤੋਂ ਥੋੜੀ ਦੂਰ ਪਿੰਡ ਖੋਸਾ ਪਾਂਡੋ ਵਿਖੇ ਨਰੇਗਾ ਤਹਿਤ ਮਜ਼ਦੂਰਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਿੰਡ ਵਿਚ ਇਕੱਠੇ ਹੋਏ ਆਗੂਆਂ ਅਤੇ ਮਜ਼ਦੂਰਾਂ ਨੇ ਨਰੇਗਾ ਸਕੀਮ ਨੂੰ ਮਜ਼ਦੂਰ ਵਰਗ ਲਈ ਵੱਡਾ ਆਰਥਿਕ ਸਹਾਰਾ ਦੱਸਦਿਆਂ ਇਸ ਦੀ ਲਗਾਤਾਰ ਚਲਾਣੀ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਰੇਗਾ ਸਕੀਮ ਪਿੰਡਾਂ ਦੇ ਗਰੀਬ ਅਤੇ ਮਿਹਨਤੀ ਮਜ਼ਦੂਰਾਂ ਲਈ ਆਰਥਿਕ ਤੌਰ ’ਤੇ ਜੀਵਨ ਰੇਖਾ ਸਾਬਤ ਹੋ ਰਹੀ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਇਸਨੂੰ ਖਤਮ ਕਰਕੇ ਵਿਕਸਤ ਭਾਰਤ ਦੇ ਨਾਂ ਹੇਠ ਨਵਾਂ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਮਜ਼ਦੂਰ ਵਰਗ ਦੇ ਹਿੱਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਮੌਕੇ ਘੱਟ ਮਿਲਣਗੇ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਹੋਵੇਗੀ। ਇਸ ਲਈ ਸਭ ਨੂੰ ਇਕੱਠੇ ਹੋ ਕੇ ਇਸ ਕਾਨੂੰਨ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਨਵੀਂ ਸਕੀਮ ਨੂੰ ਰੱਦ ਕਰਕੇ ਨਰੇਗਾ ਨੂੰ ਪਾਰਦਰਸ਼ੀ ਅਤੇ ਲਗਾਤਾਰ ਢੰਗ ਨਾਲ ਜਾਰੀ ਰੱਖਿਆ ਜਾਵੇ, ਤਾਂ ਜੋ ਪਿੰਡਾਂ ਦੇ ਮਜ਼ਦੂਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਇਮਾਨਦਾਰੀ ਨਾਲ ਕਰ ਸਕਣ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ, ਸੋਸ਼ਲ ਮੀਡੀਆ ਵਿੰਗ ਦੇ ਬਲਾਕ ਪ੍ਰਧਾਨ ਵਿੱਕੀ ਤੂਰ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ ਸੁੱਖੀ, ਗੁਰਜੰਟ ਸਿੰਘ, ਪਰਮਜੀਤ ਸਿੰਘ ਪੰਮਾ, ਤਰਸੇਮ ਸਿੰਘ ਸਾਬਕਾ ਸਰਪੰਚ ਅਤੇ ਜਗਸੀਰ ਖੋਸਾ ਸਾਬਕਾ ਪੰਚਾਇਤ ਮੈਂਬਰ, ਸਰਬਜੀਤ ਕੌਰ ਨਰੇਗਾ ਮੇਟ, ਪੂਜਾ ਕੌਰ ਖੋਸਾ ਨਰੇਗਾ ਮੇਟ, ਸੁਖਦੇਵ ਸਿੰਘ, ਗੱਗੀ ਖੋਸਾ, ਕੁਲਦੀਪ ਸਿੰਘ ਕੀਪਾ, ਹਰਦਮ ਸਿੰਘ, ਇਕਬਾਲ ਕੌਰ ਸਾਬਕਾ ਪੰਚਾਇਤ ਮੈਂਬਰ ਅਤੇ ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।