ਨੁੱਕੜ ਨਾਟਕ ‘ਸੁਲਘਦੀ ਧਰਤੀ’ ਦਾ ਕੀਤਾ ਮੰਚਨ
ਟੀਮ ਜੈ ਹੋ ਰੰਗਮੰਚ ਨਿਹਾਲ
Publish Date: Sun, 08 Feb 2026 04:19 PM (IST)
Updated Date: Mon, 09 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਟੀਮ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਦੇ ਰੰਗਕਰਮੀ ਸੁਖਦੇਵ ਲੱਧੜ, ਆਸ਼ੂ ਨਈਅਰ, ਸ਼ੁਭਦੀਪ ਸ਼ੁਭ ਵੱਲੋਂ ਨੁੱਕੜ ਨਾਟਕ "ਸੁਲਘਦੀ ਧਰਤੀ" ਬੀਐੱਲਐੱਮ ਗਰਲਜ਼ ਕਾਲਜ ਵਿਖੇ ਵਿਦਿਆਰਥਣਾਂ ਵਿਚ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪੇਸ਼ ਕੀਤਾ ਗਿਆ। ਇਸ ਨਾਟਕ ਦੇ ਲੇਖਕ ਬਲਰਾਜ ਸਾਗਰ ਹਨ ਅਤੇ ਇਸ ਨਾਟਕ ਨੂੰ ਨਿਰਦੇਸ਼ਿਤ ਸੁਖਦੇਵ ਲੱਧੜ ਦੁਆਵਾਂ ਕੀਤਾ ਗਿਆ। ਨਾਟਕ ਰਾਹੀਂ ਨਸ਼ੇ ਦੀ ਭਿਆਨਕ ਸਮੱਸਿਆ, ਭਰੂਣ ਹੱਤਿਆ, ਮਾਪਿਆਂ ਦਾ ਨਿਰਾਦਰ ਅਤੇ ਨਸ਼ਿਆਂ ਦੀ ਵਰਤੋਂ ਕਾਰਨ ਪਰਿਵਾਰਾਂ ਵਿਚ ਪੈਦਾ ਹੋ ਰਹੇ ਟਕਰਾਵਾਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਦਰਸਾਇਆ ਗਿਆ। ਨਾਟਕ ਦੇ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਜਿੱਥੇ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕੀਤਾ, ਹਸਾਇਆ ਰਵਾਇਆ ਅਤੇ ਆਪਣੇ ਫ਼ਰਜ਼ਾਂ ਤੋਂ ਜਾਣੂੰ ਵੀ ਕਰਵਾਇਆ। ਸੁਖਦੇਵ ਲੱਧੜ ਨੇ ਕਿਹਾ ਇਹ ਸਮਾਜਿਕ ਬੁਰਾਈਆਂ ਸਾਡੇ ਸਮਾਜ ਨੂੰ ਕਿਵੇਂ ਅੰਦਰੋਂ ਖੋਖਲਾ ਕਰ ਰਹੀਆਂ ਹਨ। ਇਸ ਗੱਲ ਉੱਤੇ ਬਹੁਤ ਮਹੱਤਵਪੂਰਨ ਸੰਵਾਦ ਰਚਾਏ ਗਏ। ਇਹ ਪ੍ਰੋਗਰਾਮ ਬੱਡੀਜ਼ ਗਰੁੱਪ ਦੀ ਇੰਚਾਰਜ ਡਾ. ਰੂਬੀ ਬਾਲਾ ਅਤੇ ਐੱਨਐੱਸਐੱਸ ਇੰਚਾਰਜ ਡਾ. ਹਰਦੀਪ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਦੋਹਾਂ ਅਧਿਆਪਿਕਾਵਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ, ਧੀ ਭਰੂਣ ਹੱਤਿਆ ਵਰਗੀ ਬੁਰਾਈ ਦਾ ਵਿਰੋਧ ਕਰਨ ਅਤੇ ਪਰਿਵਾਰਕ ਮੁੱਲਾਂ ਨੂੰ ਮਜ਼ਬੂਤ ਬਣਾਏ ਰੱਖਣ ਦਾ ਸੰਦੇਸ਼ ਦਿੱਤਾ। ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਵੱਲੋਂ ਨਾਟਕ ਟੀਮ ਅਤੇ ਆਯੋਜਕ ਟੀਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥਣਾਂ ਦੇ ਮਾਨਸਿਕ ਬੌਧਿਕ ਵਿਕਾਸ ਅਤੇ ਸਮਾਜਿਕ ਜਾਗਰੂਕਤਾ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।