ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਹੋਈ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ
Publish Date: Thu, 19 Feb 2026 03:26 PM (IST)
Updated Date: Fri, 20 Feb 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਸਿੱਖ ਇਤਿਹਾਸ ਦੇ ਵਿਲੱਖਣ ਅਧਿਆਇ ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਪੰਥਕ ਸਭਾ 21 ਫਰਵਰੀ ਨੂੰ ਮੋਗਾ ਵਿਖੇ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਵੇਗੀ। ਇਹ ਸਮਾਗਮ ਸਿਰਫ਼ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਹੀ ਨਹੀਂ, ਸਗੋਂ ਸਿੱਖ ਕੌਮ ਨੂੰ ਇਤਿਹਾਸਕ ਜਾਗਰੂਕਤਾ ਨਾਲ ਜੋੜਨ ਅਤੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਰਾਜ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਸਿੱਖ ਇਤਿਹਾਸ ਦਾ ਅਜਿਹਾ ਮੋੜ ਹੈ ਜਿਸ ਨੇ ਧਾਰਮਿਕ ਅਜ਼ਾਦੀ, ਗੁਰਦੁਆਰਾ ਸੁਧਾਰ ਲਹਿਰ ਅਤੇ ਪੰਥਕ ਮਰਯਾਦਾ ਲਈ ਕੌਮ ਨੂੰ ਇਕਜੁੱਟ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਕੇ ਦੇ ਸ਼ਹੀਦਾਂ ਨੇ ਆਪਣੇ ਪ੍ਰਾਣ ਨਿਛਾਵਰ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੱਕ, ਮਰਿਯਾਦਾ ਅਤੇ ਸਵਭਿਮਾਨ ਦਾ ਰਾਹ ਦਿਖਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਭਾਵਾਂ ਰਾਹੀਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤਾਂ ਜੋ ਉਹ ਸਿੱਖ ਇਤਿਹਾਸ ਦੀ ਮਹਾਨਤਾ ਨੂੰ ਸਮਝ ਕੇ ਕੌਮ ਦੀ ਸੇਵਾ ਵੱਲ ਪ੍ਰੇਰਿਤ ਹੋਣ। ਇਸ ਮਹੱਤਵਪੂਰਨ ਪੰਥਕ ਸਭਾ ਦੌਰਾਨ ਪ੍ਰਸਿੱਧ ਪੰਥਕ ਆਗੂ ਸਿਮਰਨਜੀਤ ਸਿੰਘ ਮਾਨ ਸੰਗਤ ਨੂੰ ਮੁੱਖ ਤੌਰ ’ਤੇ ਸੰਬੋਧਨ ਕਰਨਗੇ। ਉਹ ਸਾਕਾ ਨਨਕਾਣਾ ਸਾਹਿਬ ਦੀ ਇਤਿਹਾਸਕ ਮਹੱਤਤਾ, ਸਿੱਖ ਪੰਥ ਦੇ ਮੂਲ ਸਿਧਾਂਤਾਂ ਅਤੇ ਮੌਜੂਦਾ ਸਮੇਂ ਵਿਚ ਪੰਥਕ ਏਕਤਾ ਦੀ ਲੋੜ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸਭਾ ਵਿਚ ਦਲ ਖ਼ਾਲਸਾ ਨਾਲ ਸਬੰਧਤ ਆਗੂਆਂ ਵਿਚ ਜਗਜੀਤ ਸਿੰਘ ਖੋਸਾ, ਸਰਜ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਸੁਰਜੀਤ ਸਿੰਘ ਖ਼ਾਲਿਸਤਾਨੀ ਵੀ ਸ਼ਿਰਕਤ ਕਰਨਗੇ। ਇਹ ਆਗੂ ਪੰਥਕ ਮਸਲਿਆਂ, ਸਿੱਖ ਹੱਕਾਂ ਅਤੇ ਕੌਮੀ ਏਕਤਾ ਨਾਲ ਜੁੜੇ ਵਿਸ਼ਿਆਂ ’ਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਮੌਕੇ ਪੰਥਕ ਆਗੂਆਂ ਨੇ ਮੋਗਾ ਅਤੇ ਨੇੜਲੇ ਇਲਾਕਿਆਂ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ 21 ਫਰਵਰੀ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸਮੇਂ ਸਿਰ ਪਹੁੰਚ ਕੇ ਇਸ ਪੰਥਕ ਸਭਾ ਵਿਚ ਸ਼ਿਰਕਤ ਕਰਨ ਅਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਰਪਿਤ ਕਰਨ।