ਸ਼੍ਰੀ ਕ੍ਰਿਸ਼ਨ ਗੋਧਾਮ ਵਿਖੇ ਵਿਸ਼ਾਲ ਹਵਨ ਯੱਗ
ਸ਼੍ਰੀ ਕ੍ਰਿਸ਼ਨ ਗੋਧਾਮ ਵਿਖੇ ਕਰਵਾਏ ਹਵਨ ਯੱਗ ਮੌਕੇ ਦੀ ਫ਼ੋਟੋ।
Publish Date: Sat, 14 Feb 2026 04:46 PM (IST)
Updated Date: Sun, 15 Feb 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਗਊਆਂ ਦੀ ਚੰਗੀ ਸਿਹਤ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਬਹੋਨਾ ਰੋਡ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਹਵਨ ਯੱਗ ਕਰਵਾਇਆ ਗਿਆ ਅਤੇ ਵਿਸ਼ੇਸ਼ ਅਰਦਾਸ ਵੀ ਕੀਤੀ ਗਈ। ਇਸ ਮੌਕੇ ਗਊਸ਼ਾਲਾ ਦੇ ਸਕੱਤਰ ਡਾ. ਪ੍ਰੇਮ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਆਚਾਰਿਆ ਪ੍ਰਚਾਰਕ ਸੁਨੀਲ ਸ਼ਾਸਤਰੀ ਨੇ ਵੇਦ ਮੰਤਰਾਂ ਦੇ ਉਚਾਰਣ ਨਾਲ ਯੱਗ ਦੀ ਪੂਰੀ ਵਿਧੀ ਸੰਪੰਨ ਕਰਵਾਈ ਅਤੇ ਹਾਜ਼ਰ ਸੰਗਤ ਨੂੰ ਧਾਰਮਿਕ ਉਪਦੇਸ਼ ਦਿੱਤੇ। ਇਸ ਮੌਕੇ ਸੁਨੀਲ ਸ਼ਾਸਤਰੀ ਨੇ ਕਿਹਾ ਕਿ ਗਊ ਸੇਵਾ ਮਨੁੱਖ ਨੂੰ ਧਾਰਮਿਕ ਅਤੇ ਆਤਮਿਕ ਉੱਚਾਈਆਂ ਤੱਕ ਲੈ ਜਾਂਦੀ ਹੈ ਜਦਕਿ ਵੇਦਾਂ ਦਾ ਅਧਿਐਨ ਜੀਵਨ ਨੂੰ ਸਹੀ ਦਿਸ਼ਾ ਦਿੰਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸ਼੍ਰੀ ਕ੍ਰਿਸ਼ਨ ਦੀਆਂ ਪਿਆਰੀਆਂ ਗਊਆਂ ਦੀ ਸੇਵਾ ਕਰਨਾ ਮਹਾਨ ਪੁੰਨ ਦਾ ਕਾਰਜ ਹੈ ਜੋ ਮਨੁੱਖ ਦੇ ਜੀਵਨ ਵਿਚ ਖੁਸ਼ਹਾਲੀ, ਸਫ਼ਲਤਾ ਅਤੇ ਆਤਮਿਕ ਸ਼ਾਂਤੀ ਲਿਆਉਂਦਾ ਹੈ। ਉਨ੍ਹਾਂ ਨੇ ਵੇਦਿਕ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਮਾਤਾ ਪਿਤਾ ਦਾ ਸਤਿਕਾਰ ਕਰਨਾ, ਮਨੁੱਖਤਾ ਦੀ ਸੇਵਾ ਲਈ ਤਿਆਰ ਰਹਿਣਾ ਅਤੇ ਹਰ ਜੀਵ ਵਿਚ ਵੱਸਦੇ ਪਰਮਾਤਮਾ ਨੂੰ ਸਮਝਦਿਆਂ ਚੰਗੇ ਕਰਮ ਕਰਨੇ ਚਾਹੀਦੇ ਹਨ। ਲੋੜਵੰਦ ਦੀ ਮਦਦ ਕਰਨਾ ਹੀ ਸੱਚੀ ਭਗਤੀ ਹੈ ਅਤੇ ਇਸ ਨਾਲ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਮੌਕੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਯੱਗ ਦੇ ਅੰਤ ਵਿਚ ਗਾਊਸ਼ਾਲਾ ਦੇ ਸੇਵਾਦਾਰਾਂ ਨੂੰ ਫ਼ਲ ਅਤੇ ਲੱਡੂ ਵੰਡ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਪੂਰੀ ਲਗਨ, ਨਿਸ਼ਠਾ ਅਤੇ ਮਿਹਨਤ ਨਾਲ ਗਊ ਵੰਸ਼ ਦੀ ਸੇਵਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਹ ਧਾਰਮਿਕ ਸਮਾਗਮ ਨਾ ਸਿਰਫ਼ ਆਸਥਾ ਦਾ ਪ੍ਰਤੀਕ ਬਣਿਆ, ਸਗੋਂ ਗਊ ਸੇਵਾ, ਮਨੁੱਖਤਾ ਅਤੇ ਵੇਦਿਕ ਸੰਸਕਾਰਾਂ ਦਾ ਸੰਦੇਸ਼ ਵੀ ਦੇ ਗਿਆ।