ਦਸਮੇਸ਼ ਸਕੂਲ ’ਚ ਦਾਖ਼ਲਿਆਂ ਪ੍ਰਤੀ ਉਤਸ਼ਾਹ
ਪਿਛਲੇ ਸਾਢੇ ਚਾਰ ਦਹਾਕਿਆਂ ਤੋਂ
Publish Date: Mon, 20 Apr 2026 03:46 PM (IST)
Updated Date: Tue, 21 Apr 2026 04:01 AM (IST)

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਸਿੱਖ਼ਿਆ ਖ਼ੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾ ਰਹੀ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਨਵੇਂ ਦਾਖ਼ਲਿਆਂ ਪ੍ਰਤੀ ਮਾਪਿਆਂ ਅਤੇ ਵਿਦਿਆਰਥੀਆਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਮਰਪਿਤ ਭਾਵਨਾ ਵਾਲੇ ਸੁਹਿਰਦ ਤੇ ਮਿਹਨਤੀ ਅਧਿਆਪਕਾਂ ਦੁਆਰਾ ਅੰਗਰੇਜ਼ੀ ਮੀਡੀਅਮ ਵਿਚ ਵਾਜਬ ਫ਼ੀਸਾਂ ’ਤੇ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਵਿਸ਼ੇਸ਼ ਤੌਰ ’ਤੇ ਸੂਝਵਾਨ ਮਾਪਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸੰਸਥਾ ਦੇ ਸ਼ਾਨਦਾਰ ਨਤੀਜੇ ਅਤੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਖ਼ੇਤਰਾਂ ਵਿਚ ਮਾਰੀਆਂ ਜਾ ਰਹੀਆਂ ਮੱਲਾਂ ਇਸ ਦੀ ਸ਼ੋਭਾ ਨੂੰ ਚਾਰ ਚੰਨ ਲਾ ਰਹੇ ਹਨ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਸਿੱਖਿਆ ਸਮਾਜ ਪ੍ਰਤੀ ਬਣਦੀ ਡਿਊਟੀ ਅਤੇ ਸੇਵਾ ਸਮਝ ਕੇ ਦਿੱਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਭਵਿੱਖ ਦੇ ਅਜਿਹੇ ਨਾਗਰਿਕ ਤਿਆਰ ਕੀਤੇ ਜਾਣ ਜਿਨ੍ਹਾਂ ’ਤੇ ਅਧਿਆਪਕਾਂ, ਮਾਪਿਆਂ ਅਤੇ ਇਲਾਕੇ ਨੂੰ ਮਾਣ ਮਹਿਸੂਸ ਹੋਵੇ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਖ਼ੁਲਾਸਾ ਕੀਤਾ ਕਿ ਅਸੀਂ ਮਾਪਿਆਂ ਦੀਆਂ ਸਧਰਾਂ ਅਨੁਸਾਰ ਬੱਚਿਆਂ ਨੂੰ ਤਰਾਸ਼ਣ ਚ ਜੁਟੇ ਹੋਏ ਹਾਂ। ਸਮਾਜ ਨੂੰ ਅਜਿਹੇ ਨੌਜਵਾਨਾਂ ਦੀ ਸਖ਼ਤ ਜ਼ਰੂਰਤ ਹੈ ਜੋ ਨਰੋਏ ਅਤੇ ਸੋਹਣੇ ਸਮਾਜ ਦੀ ਸਿਰਜਣਾ ਦੇ ਹਾਮੀ ਹੋਣ। ਵਾਈਸ ਪ੍ਰਿੰਸੀਪਲ ਮੀਨਾ ਜੈਨ ਨੇ ਕਿਹਾ ਅਦਾਰੇ ਦਾ ਮਾਣਮੱਤਾ ਸਫ਼ਰ ਹਜ਼ਾਰਾਂ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਸ਼ਾਹਦੀ ਭਰਦਾ ਹੈ, ਜਿਹੜੇ ਚੰਗੇ ਮੁਕਾਮ ’ਤੇ ਪਹੁੰਚ ਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਅਸੀਂ ਨਿਰਧਾਰਤ ਪਾਠਕ੍ਰਮ ਦੇ ਨਾਲੋ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸਵੈ-ਵਿਸ਼ਵਾਸ ਤੇ ਮਿਹਨਤੀ ਸੁਭਾਅ ਵਾਲੇ ਨੌਜਵਾਨ ਜ਼ਿੰਦਗੀ ਚ ਵੱਡੀਆਂ ਪੁਲਾਂਘਾਂ ਪੁੱਟਣ ਦੇ ਸਮਰੱਥ ਬਣਦੇ ਹਨ।