ਵਧੀਆ ਕਾਰਗੁਜਾਰੀ ਵਾਲੀਆਂ ਮਹਿਲਾ ਬੀਐੱਲਓਜ਼ ਦਾ ਸਨਮਾਨ
ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਅੰਤਰਰਾਸ਼ਟਰੀ
Publish Date: Tue, 10 Mar 2026 06:39 PM (IST)
Updated Date: Wed, 11 Mar 2026 04:10 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਭਰ ਵਿਚ ਪ੍ਰੀ ਐੱਸਆਈਆਰ ਮੈਪਿੰਗ ਦੇ ਕੰਮ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀਐੱਲਓਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਬੀਐੱਲਓਜ਼ ਦੀ ਅਹਿਮ ਭੂਮਿਕਾ ਰਹੀ ਹੈ। ਡੀਸੀ ਸਾਗਰ ਸੇਤੀਆ ਨੇ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਹਿਲਾ ਬੀਐੱਲਓਜ਼ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲ ਏ ਤਾਰੀਫ਼ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾ ਬੀਐੱਲਓਜ਼ ਘਰ ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਅਪਡੇਟ ਕਰਨ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਚੋਣਾਂ ਨਾਲ ਸਬੰਧਤ ਹੋਰ ਮਹੱਤਵਪੂਰਨ ਕਾਰਜ ਬੜੀ ਜ਼ਿੰਮੇਵਾਰੀ ਨਾਲ ਨਿਭਾਅ ਰਹੀਆਂ ਹਨ। ਉਨ੍ਹਾਂ ਦੀ ਮਿਹਨਤ ਨਾਲ ਚੋਣ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਮਹਿਲਾ ਬੀਐੱਲਓਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਵਿਚ ਮਹਿਲਾ ਬੂਥ ਲੈਵਲ ਅਫ਼ਸਰਾਂ ਬੀਐੱਲਓਜ਼ ਵੱਲੋਂ ਕੀਤੇ ਕੀਮਤੀ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸਨਮਾਨਿਤ ਹੋਈਆਂ ਮਹਿਲਾ ਬੀਐੱਲਓਜ਼ ਨੇ ਚੋਣ ਕਮਿਸ਼ਨ ਪੰਜਾਬ ਅਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹ ਅੱਗੇ ਵੀ ਵੋਟਾਂ ਦੇ ਹਰੇਕ ਕਾਰਜ ਜਿਹੜਾ ਵੀ ਉਨ੍ਹਾਂ ਨੂੰ ਸੌਂਪਿਆ ਜਾਵੇਗਾ, ਵਿਚ ਆਪਣੀਆਂ ਪ੍ਰਭਾਵਸ਼ਾਲੀ ਸੇਵਾਵਾਂ ਦੇਣੀਆਂ ਯਕੀਨੀ ਬਣਾਉਣਗੀਆਂ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕਿਆਂ ’ਚੋਂ ਤਿੰਨ ਤਿੰਨ ਭਾਵ ਕੁੱਲ 12 ਮਹਿਲਾ ਬੀਐੱਲਓਜ਼ ਦੀ ਚੋਣ ਕੀਤੀ ਗਈ। ਇਨ੍ਹਾਂ ਵਿਚ ਵਿਧਾਨ ਸਭਾ ਹਲਕਾ ਮੋਗਾ ਤੋਂ ਚਰਨਜੀਤ ਕੌਰ, ਪਰਮਜੀਤ ਕੌਰ, ਸੁਖਜਿੰਦਰ ਕੌਰ, ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਰੰਜੂ ਬਾਲਾ, ਕਿਰਨਦੀਪ ਕੌਰ ਤੇ ਸੰਦੀਪ ਕੌਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜਸਵਿੰਦਰ ਕੌਰ, ਰਣਜੀਤ ਕੌਰ, ਪ੍ਰਵੀਨ ਭਾਰਤੀ, ਇਸੇ ਤਰ੍ਹਾਂ ਵਿਧਾਨ ਸਭਾ ਧਰਮਕੋਟ ਤੋਂ ਬਲਜੀਤ ਕੌਰ, ਨਵਨੀਤ ਕੌਰ ਅਤੇ ਬਲਜੀਤ ਕੌਰ ਸ਼ਾਮਿਲ ਹਨ।