- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਸਿਹਤ ਖੇਤਰ ਵਿਚ ਇਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹੇ ਦੇ ਸਿਹਤ ਖੇਤਰ ਵਿਚ ਇਕ ਮਹੱਤਵਪੂਰਨ ਅਤੇ ਇਤਿਹਾਸਕ ਪੜਾਅ ਉਸ ਵੇਲੇ ਦਰਜ ਹੋਇਆ ਜਦੋਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਆਧੁਨਿਕ ਲੈਪਰੋਸਕੋਪੀ (ਦੂਰਬੀਨ ਰਾਹੀਂ) ਸਰਜਰੀ ਦੀ ਸਹੂਲਤ ਦੀ ਸ਼ੁਰੂਆਤ ਹੋ ਗਈ। ਇਸ ਨਵੀਂ ਸੇਵਾ ਨਾਲ ਹੁਣ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਲਈ ਵੱਡੇ ਸ਼ਹਿਰਾਂ ਜਾਂ ਮਹਿੰਗੇ ਨਿੱਜੀ ਹਸਪਤਾਲਾਂ ਦਾ ਰੁਖ਼ ਨਹੀਂ ਕਰਨਾ ਪਵੇਗਾ। ਇਸ ਸਹੂਲਤ ਦੀ ਸ਼ੁਰੂਆਤ ਡਾ. ਅੰਕੁਰ ਗੁਪਤਾ ਉੱਪਲ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਪਹਿਲੀ ਵਾਰ ਸਿਵਲ ਹਸਪਤਾਲ ਵਿਚ ਲੈਪਰੋਸਕੋਪਿਕ ਤਰੀਕੇ ਨਾਲ ਸਫ਼ਲ ਸਰਜਰੀ ਕਰਕੇ ਇਕ ਨਵਾਂ ਮਿਆਰ ਸਥਾਪਿਤ ਕੀਤਾ। ਉਨ੍ਹਾਂ ਵੱਲੋਂ ਪਿੰਡ ਬੁੱਟਰ ਕਲਾਂ ਦੀ ਵਸਨੀਕ ਚਰਨਜੀਤ ਕੌਰ ਦੀ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਬਿਨਾਂ ਵੱਡੀ ਕੱਟ-ਫਾੜ ਤੋਂ ਸਫ਼ਲਤਾਪੂਰਵਕ ਕੀਤਾ ਗਿਆ। ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਹ ਜਲਦੀ ਸਿਹਤਯਾਬ ਹੋ ਰਹੀ ਹੈ, ਜਿਸ ਨਾਲ ਪਰਿਵਾਰਕ ਮੈਂਬਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਲੈਪਰੋਸਕੋਪੀ ਸਰਜਰੀ ਇਕ ਆਧੁਨਿਕ ਤਕਨੀਕ ਹੈ ਜਿਸ ਵਿਚ ਛੋਟੇ ਛੋਟੇ ਛੇਦਾਂ ਰਾਹੀਂ ਦੂਰਬੀਨ ਦੀ ਮਦਦ ਨਾਲ ਆਪਰੇਸ਼ਨ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ, ਖੂਨ ਦੀ ਘਾਟ ਘੱਟ ਹੁੰਦੀ ਹੈ ਅਤੇ ਠੀਕ ਹੋਣ ਵਿਚ ਵੀ ਘੱਟ ਸਮਾਂ ਲੱਗਦਾ ਹੈ। ਇਹ ਸਹੂਲਤ ਹੁਣ ਸਰਕਾਰੀ ਹਸਪਤਾਲ ਵਿਚ ਉਪਲਬਧ ਹੋਣਾ ਇਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਸਿੰਘ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਸਸਤੀ ਸਿਹਤ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸ਼ੁਰੂ ਹੋਣ ਨਾਲ ਹੁਣ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਵੱਡਾ ਆਰਥਿਕ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿਚ ਲੱਖਾਂ ਰੁਪਏ ਖਰਚ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਦੀ ਅਗਵਾਈ ਹੇਠ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਹੁਣ ਮਰੀਜ਼ ਸਰਕਾਰ ਵੱਲੋਂ ਦਿੱਤੇ 10 ਲੱਖ ਰੁਪਏ ਤੱਕ ਦੇ ਸਿਹਤ ਕਾਰਡ ਦੇ ਤਹਿਤ ਮੁਫ਼ਤ ਜਾਂ ਨਾਮਾਤਰ ਖਰਚ ’ਤੇ ਆਪਣੀਆਂ ਸਰਜਰੀਆਂ ਕਰਵਾ ਸਕਣਗੇ। ਇਸ ਮੌਕੇ ਡਾ. ਅਰਬਾਜ਼, ਡਾ. ਗੁਰਵਿੰਦਰ ਸਿੰਘ, ਡਾ. ਅਰਵਿੰਦਰ ਸਮੇਤ ਹੋਰ ਮੈਡੀਕਲ ਅਧਿਕਾਰੀ ਅਤੇ ਸਟਾਫ਼ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਉਪਰਾਲੇ ਨੂੰ ਸਿਹਤ ਸੇਵਾਵਾਂ ਵਿਚ ਇਕ ਨਵੀਂ ਕ੍ਰਾਂਤੀ ਕਰਾਰ ਦਿੱਤਾ। ਇਸ ਨਵੀਂ ਸਹੂਲਤ ਨਾਲ ਨਾ ਸਿਰਫ਼ ਹਸਪਤਾਲ ਦੀ ਕਾਰਗੁਜ਼ਾਰੀ ਵਿਚ ਸੁਧਾਰ ਆਵੇਗਾ, ਸਗੋਂ ਆਮ ਲੋਕਾਂ ਦਾ ਸਰਕਾਰੀ ਸਿਹਤ ਪ੍ਰਣਾਲੀ ’ਤੇ ਭਰੋਸਾ ਵੀ ਹੋਰ ਮਜ਼ਬੂਤ ਹੋਵੇਗਾ। ਆਉਣ ਵਾਲੇ ਸਮੇਂ ਵਿਚ ਹੋਰ ਵੀ ਆਧੁਨਿਕ ਇਲਾਜ ਅਤੇ ਤਕਨੀਕਾਂ ਹਸਪਤਾਲ ਵਿਚ ਲਿਆਂਦੀਆਂ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ, ਜਿਸ ਨਾਲ ਜ਼ਿਲ੍ਹੇ ਨੂੰ ਸਿਹਤ ਖੇਤਰ ਵਿਚ ਇਕ ਨਵੀਂ ਪਛਾਣ ਮਿਲੇਗੀ।