ਸੀਟੀ ਯੂਨੀਵਰਸਿਟੀ ਤੇ ਡੈਲ ਅਟਲਾਂਟਿਕੋ ਦਰਮਿਆਨ ਇਤਿਹਾਸਕ ਸਮਝੌਤਾ
ਸੀਟੀ ਯੂਨੀਵਰਸਿਟੀ ਨੇ ਆਪਣੇ
Publish Date: Wed, 21 Jan 2026 03:11 PM (IST)
Updated Date: Thu, 22 Jan 2026 04:00 AM (IST)

ਵਿਸ਼ਵ ਪੱਧਰੀ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਮਿਲੇਗੀ ਨਵੀਂ ਮਜ਼ਬੂਤੀ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸੀਟੀ ਯੂਨੀਵਰਸਿਟੀ ਨੇ ਆਪਣੇ ਅੰਤਰਰਾਸ਼ਟਰੀਕਰਨ ਦੇ ਸਫ਼ਰ ਵਿਚ ਇਕ ਹੋਰ ਮਹੱਤਵਪੂਰਨ ਉੱਪਲਬਧੀ ਹਾਸਿਲ ਕੀਤੀ ਹੈ। ਯੂਨੀਵਰਸਿਟੀ ਨੇ ਕੋਲੰਬੀਆ ਦੇ ਬਾਰਾਂਕੀਲਾ ਸ਼ਹਿਰ ਵਿਚ ਸਥਿਤ ਪਾਲਮਾ ਅਫ਼ਰੀਕਾਨਾ ਯੂਨੀਵਰਸਿਟੀ ਡੈਲ ਅਟਲਾਂਟਿਕੋ ਨਾਲ ਇਕ ਅਹੰਕਾਰਪੂਰਕ ਸਮਝੌਤਾ ਯਾਦਾਸ਼ਤ ਐਮਓਯੂ ’ਤੇ ਦਸਤਖ਼ਤ ਕੀਤੇ ਹਨ। ਇਹ ਭਾਗੀਦਾਰੀ ਵਿਸ਼ਵ ਸੱਭਿਆਚਾਰਕ ਆਦਾਨ-ਪ੍ਰਦਾਨ, ਅੰਤਰਰਾਸ਼ਟਰੀ ਸਹਿਯੋਗ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਸੀਟੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਸਮਝੌਤੇ ਦਾ ਮਕਸਦ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਗੈਰ-ਅਕਾਦਮਿਕ ਅਤੇ ਸਹਿ-ਪਾਠਕ੍ਰਮਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ ਪ੍ਰਦਾਨ ਕਰਨਾ ਹੈ। ਇਹ ਐਮਓਯੂ ਸੀਟੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਸੰਜੇ ਖੰਡੂਰੀ ਅਤੇ ਕੋਲੰਬੀਆ ਵੱਲੋਂ ਪ੍ਰੋ. ਡਾ. ਮਾਰੀਆ ਕਾਰਮਨ ਮੇਲੇਂਦੇਜ਼ ਵੇਲਿਸਿਲਾ, ਡਾਇਰੈਕਟਰ, ਪਾਲਮਾ ਅਫ਼ਰੀਕਾਨਾ ਯੂਨੀਵਰਸਿਟੀ ਅਤੇ ਕੋਆਰਡੀਨੇਟਰ, ਫਿਜ਼ੀਕਲ ਐਜੂਕੇਸ਼ਨ, ਰਿਕਰੀਏਸ਼ਨ ਐਂਡ ਸਪੋਰਟਸ, ਯੂਨੀਵਰਸਿਟੀ ਡੈਲ ਅਟਲਾਂਟਿਕੋ ਦੁਆਰਾ ਦਸਤਖ਼ਤ ਕੀਤਾ ਗਿਆ। ਇਸ ਸਮਝੌਤੇ ਰਾਹੀਂ ਭਾਰਤ ਅਤੇ ਕੋਲੰਬੀਆ ਦਰਮਿਆਨ ਸੱਭਿਆਚਾਰਕ ਕੂਟਨੀਤੀ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਦੋਹਾਂ ਸੰਸਥਾਵਾਂ ਵਿਚਕਾਰ ਸੰਸਥਾਗਤ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਸਹਿਯੋਗ ਦੇ ਤਹਿਤ ਦੋਹਾਂ ਸੰਸਥਾਵਾਂ ਮਿਲ ਕੇ ਸੰਗੀਤ, ਨਾਟਕ, ਵਿਜ਼ੂਅਲ ਆਰਟਸ ਵਰਗੀਆਂ ਸੱਭਿਆਚਾਰਕ ਗਤੀਵਿਧੀਆਂ ਦੇ ਨਾਲਨਾਲ ਵਾਦ-ਵਿਵਾਦ, ਸਾਹਿਤਕ ਮੰਚ, ਨੇਤ੍ਰਿਤਵ ਵਿਕਾਸ ਪ੍ਰੋਗਰਾਮ, ਵਿਅਕਤੀਤਵ ਵਿਕਾਸ ਵਰਕਸ਼ਾਪਾਂ ਅਤੇ ਸਮੁਦਾਇਕ ਭਾਗੀਦਾਰੀ ਨਾਲ ਜੁੜੇ ਕਾਰਜਕ੍ਰਮ ਆਯੋਜਿਤ ਕਰਨਗੀਆਂ। ਐਮਓਯੂ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੇ ਅਧੀਨ ਆਯੋਜਿਤ ਸਾਰੀਆਂ ਗਤੀਵਿਧੀਆਂ ਬਿਨ੍ਹਾਂ ਕਿਸੇ ਰਜਿਸਟ੍ਰੇਸ਼ਨ ਜਾਂ ਭਾਗੀਦਾਰੀ ਫ਼ੀਸ ਦੇ ਹੋਣਗੀਆਂ ਜਿਸ ਨਾਲ ਇਹ ਪਹਿਲ ਪੂਰੀ ਤਰ੍ਹਾਂ ਵਿਦਿਆਰਥੀ-ਹਿਤੈਸ਼ੀ ਅਤੇ ਸਮਾਵੇਸ਼ੀ ਬਣਦੀ ਹੈ। ਇਹ ਸਮਝੌਤਾ ਤਿੰਨ ਸਾਲਾਂ ਲਈ ਵੈਧ ਰਹੇਗਾ ਜਿਸਨੂੰ ਆਪਸੀ ਸਹਿਮਤੀ ਨਾਲ ਵਧਾਇਆ ਜਾਂ ਸੋਧਿਆ ਜਾ ਸਕਦਾ ਹੈ। ਇਸ ਐਮਓਯੂ ਨੂੰ ਡਾ. ਦਵਿੰਦਰ ਸਿੰਘ ਛੀਨਾ, ਪ੍ਰਿੰਸੀਪਲ ਸੇਵਾ-ਨਿਵ੍ਰਿਤ ਪੀਈਐਸ-1 ਵੱਲੋਂ ਸਹਿਯੋਗ ਮਿਲਿਆ ਅਤੇ ਜਿਨ੍ਹਾਂ ਕੋਲ ਅੰਤਰਰਾਸ਼ਟਰੀ ਲੋਕ ਕਲਾ ਸਮੂਹਾਂ ਨਾਲ 25 ਸਾਲਾਂ ਤੋਂ ਵੱਧ ਦਾ ਅਨੁਭਵ ਹੈ, ਉਹ ਦੋਹਾਂ ਸੰਸਥਾਵਾਂ ਲਈ ਗਲੋਬਲ ਐਕਸਚੇਂਜਜ਼ ਦੇ ਸਲਾਹਕਾਰ ਵਜੋਂ ਵੀ ਸੇਵਾ ਨਿਭਾਉਣਗੇ। ਇਸ ਮੌਕੇ ’ਤੇ ਸੀਟੀ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਇਹ ਐਮਓਯੂ ਸੀਟੀ ਯੂਨੀਵਰਸਿਟੀ ਦੀ ਉਸ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ ਜੋ ਕਲਾਸਰੂਮ ਤੋਂ ਅੱਗੇ ਵਧ ਕੇ ਵਿਸ਼ਵ ਸੱਭਿਆਚਾਰਕ ਸਿੱਖਿਆ ਨੂੰ ਅਪਣਾਉਣ ’ਚ ਵਿਸ਼ਵਾਸ ਰੱਖਦੀ ਹੈ। ਇਸੇ ਤਰ੍ਹਾਂ ਸੀਟੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਸੱਭਿਆਚਾਰਕ ਆਦਾਨ-ਪ੍ਰਦਾਨ ਸੰਤੁਲਿਤ ਅਤੇ ਬਹੁਪੱਖੀ ਵਿਅਕਤਿਤਵ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਯੂਨੀਵਰਸਿਟੀ ਡੈਲ ਅਟਲਾਂਟਿਕੋ ਨਾਲ ਇਹ ਭਾਗੀਦਾਰੀ ਰਚਨਾਤਮਕਤਾ, ਅਨੁਭਵਾਤਮਕ ਸਿੱਖਿਆ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਦੇ ਨਵੇਂ ਮੌਕੇ ਖੋਲ੍ਹੇਗੀ।