ਅਪ੍ਰੈਲ ’ਚ ਹੀ ਤਪਸ਼ ਦਾ ਕਹਿਰ, ਮੋਗਾ ’ਚ ਪਾਰਾ 34 ਡਿਗਰੀ ਪਾਰ
ਜ਼ਿਲ੍ਹਾ ਮੋਗਾ ਵਿਚ ਗਰਮੀ
Publish Date: Sun, 19 Apr 2026 05:32 PM (IST)
Updated Date: Mon, 20 Apr 2026 04:04 AM (IST)

ਗਰਮੀ ਕਾਰਨ ਲੋਕ ਬੇਹਾਲ, ਸੜਕਾਂ ’ਤੇ ਛਾਈ ਸੁੰਨਸਾਨ, ਮਜ਼ਦੂਰ ਵਰਗ ਵੱਧ ਪ੍ਰਭਾਵਿਤ ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਵਿਚ ਗਰਮੀ ਨੇ ਅਪ੍ਰੈਲ ਮਹੀਨੇ ਵਿੱਚ ਹੀ ਆਪਣਾ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਸਾਰਾ ਦਿਨ ਲੋਕ ਤਿੱਖੀ ਧੁੱਪ ਅਤੇ ਵਧਦੀ ਉਮਸ ਨਾਲ ਪਰੇਸ਼ਾਨ ਰਹੇ। ਭਾਵੇਂ ਦਿਨ ਦੌਰਾਨ ਕਈ ਵਾਰ ਆਕਾਸ਼ ਵਿੱਚ ਬੱਦਲਾਂ ਦੀ ਆਵਾਜਾਈ ਰਹੀ ਪਰ ਇਸ ਨਾਲ ਗਰਮੀ ਵਿਚ ਕੋਈ ਖ਼ਾਸ ਰਾਹਤ ਨਹੀਂ ਮਿਲੀ। ਸਵੇਰੇ ਦੇ ਸਮੇਂ ਹਲਕੀ ਠੰਡੀ ਹਵਾ ਨਾਲ ਮੌਸਮ ਕੁਝ ਸਮੇਂ ਲਈ ਸੁਹਾਵਣਾ ਜਰੂਰ ਲੱਗਿਆ ਪਰ ਜਿਵੇਂ ਹੀ ਸੂਰਜ ਚੜ੍ਹਦਾ ਗਿਆ, ਧੁੱਪ ਨੇ ਆਪਣੀ ਤੀਬਰਤਾ ਵਧਾਉਣੀ ਸ਼ੁਰੂ ਕਰ ਦਿੱਤੀ। ਦੁਪਹਿਰ ਤੱਕ ਹਾਲਤ ਇਸ ਕਦਰ ਗੰਭੀਰ ਹੋ ਗਈ ਕਿ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਧੁੱਪ ਅਤੇ ਗਰਮ ਹਵਾਵਾਂ ਨੇ ਜਨ-ਜੀਵਨ ’ਤੇ ਅਸਰ ਪਾਇਆ ਅਤੇ ਸੜਕਾਂ ‘ਤੇ ਆਵਾਜਾਈ ਕਾਫੀ ਘੱਟ ਹੋ ਗਈ। ਬਾਜ਼ਾਰਾਂ ਵਿੱਚ ਵੀ ਦੁਪਹਿਰ ਦੇ ਸਮੇਂ ਸੁੰਨਸਾਨ ਤੌਰ ’ਤੇ ਵੇਖਣ ਨੂੰ ਮਿਲਿਆ। ਰੇਹੜੀ-ਫੜੀ ਵਾਲਿਆਂ, ਦਿਹਾੜੀਦਾਰ ਮਜ਼ਦੂਰਾਂ ਅਤੇ ਖੁੱਲ੍ਹੇ ਆਕਾਸ਼ ਹੇਠ ਕੰਮ ਕਰਨ ਵਾਲਿਆਂ ਲਈ ਇਹ ਗਰਮੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਤਿੱਖੀ ਧੁੱਪ ਕਾਰਨ ਉਹਨਾਂ ਦੇ ਕੰਮ ਦੀ ਗਤੀ ਹੌਲੀ ਹੋ ਗਈ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਵੀ ਅਸਰ ਪੈ ਰਿਹਾ ਹੈ। ਕਈ ਮਜ਼ਦੂਰਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਮਜ਼ਬੂਰੀਵੱਸ ਉਨ੍ਹਾਂ ਨੂੰ ਕੰਮ ਕਰਨਾ ਹੀ ਪੈਂਦਾ ਹੈ। ਉੱਪਰੋਂ ਮੌਸਮ ਵਿਚ ਨਮੀ ਵਧਣ ਨਾਲ ਹੁੰਮਸ ਨੇ ਹੋਰ ਵੀ ਪਰੇਸ਼ਾਨੀ ਵਧਾ ਦਿੱਤੀ ਹੈ। ਪਸੀਨਾ ਵੱਧ ਆਉਣਾ, ਸਰੀਰ ਵਿਚ ਥਕਾਵਟ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਵਿਚ ਵਾਧਾ ਹੋ ਰਿਹਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸਾਲ ਅਪ੍ਰੈਲ ਮਹੀਨੇ ਵਿਚ ਹੀ ਜੂਨ-ਜੁਲਾਈ ਵਰਗੀ ਗਰਮੀ ਮਹਿਸੂਸ ਹੋ ਰਹੀ ਹੈ। ਕਈ ਲੋਕਾਂ ਨੇ ਕਿਹਾ ਕਿ ਹੁਣ ਕੂਲਰ ਅਤੇ ਏਸੀ ਤੋਂ ਬਿਨਾਂ ਰਹਿਣਾ ਲਗਭਗ ਅਸੰਭਵ ਹੋ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਦੀ ਖਪਤ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਵਾਧੇ ਦੀ ਸੰਭਾਵਨਾ ਜਤਾਈ ਹੈ। ਵਿਸ਼ੇਸ਼ਗਿਆਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਪਹਿਰ ਸਮੇਂ ਲੰਬੇ ਸਮੇਂ ਤੱਕ ਧੁੱਪ ਵਿਚ ਰਹਿਣ ਨਾਲ ਹੀਟ ਸਟ੍ਰੋਕ ਦਾ ਖਤਰਾ ਵੱਧ ਸਕਦਾ ਹੈ, ਜੋ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨ੍ਹਾਂ ਲੋੜ ਦੇ ਘਰੋਂ ਬਾਹਰ ਨਾ ਨਿਕਲਣ ਅਤੇ ਜੇ ਨਿਕਲਣਾ ਪਵੇ ਤਾਂ ਸਿਰ ਨੂੰ ਢੱਕ ਕੇ ਅਤੇ ਪੂਰੀ ਸੁਰੱਖਿਆ ਨਾਲ ਹੀ ਬਾਹਰ ਜਾਣ। ਡਾਕਟਰਾਂ ਨੇ ਵੀ ਚੇਤਾਇਆ ਹੈ ਕਿ ਗਰਮੀ ਦੇ ਮੌਸਮ ਵਿਚ ਸਰੀਰ ਵਿਚ ਪਾਣੀ ਦੀ ਕਮੀ ਹੋਣ ਨਾਲ ਕਈ ਬਿਮਾਰੀਆਂ ਜਨਮ ਲੈ ਸਕਦੀਆਂ ਹਨ। ਇਸ ਲਈ ਦਿਨ ਭਰ ਵਧੀਆ ਮਾਤਰਾ ਵਿਚ ਪਾਣੀ ਪੀਣਾ, ਤਾਜ਼ਾ ਅਤੇ ਪੋਸ਼ਟਿਕ ਭੋਜਨ ਕਰਨਾ ਅਤੇ ਧੁੱਪ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ। ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਸਮ ਦੀ ਤੀਬਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਸਾਵਧਾਨ ਰਹਿਣ ਅਤੇ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੰਭਾਲ ਵਿਚ ਕੋਈ ਲਾਪਰਵਾਹੀ ਨਾ ਕਰਨ। ਜੇ ਇਹ ਹਾਲਾਤ ਜਾਰੀ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਗਰਮੀ ਲੋਕਾਂ ਲਈ ਵੱਡੀ ਸਮੱਸਿਆ ਬਣ ਸਕਦੀ ਹੈ। ਮੰਡੀ ਵਿਚ ਤਪਦੀ ਧੁੱਪ ‘ਚ ਵੀ ਮਿਹਨਤ ਜਾਰੀ ਮੋਗਾ ਦੀ ਦਾਣਾ ਮੰਡੀ ਵਿਚ ਗਰਮੀ ਦੇ ਬਾਵਜੂਦ ਕੰਮ ਦੀ ਰਫ਼ਤਾਰ ਰੁਕੀ ਨਹੀਂ। ਦਿਨ ਭਰ ਮਜ਼ਦੂਰ ਕਣਕ ਦੀ ਸਫ਼ਾਈ ਅਤੇ ਹੋਰ ਕੰਮਾਂ ਵਿਚ ਜੁਟੇ ਰਹੇ। ਤਿੱਖੀ ਧੁੱਪ ਦੇ ਬਾਵਜੂਦ ਮਹਿਲਾ ਅਤੇ ਪੁਰਸ਼ ਮਜ਼ਦੂਰ ਲਗਾਤਾਰ ਮਿਹਨਤ ਕਰਦੇ ਰਹੇ। ਫਸਲ ਲੈ ਕੇ ਆਉਣ ਵਾਲੇ ਕਿਸਾਨ ਵੀ ਉਨ੍ਹਾਂ ਦੇ ਨਾਲ ਕੰਮ ਵਿੱਚ ਸ਼ਾਮਲ ਰਹੇ। ਜਿੱਥੇ ਕਿਤੇ ਵੀ ਦਰੱਖਤਾਂ ਦੀ ਛਾਂ ਮਿਲੀ, ਉੱਥੇ ਕੁੱਝ ਸਮੇਂ ਲਈ ਖੜ੍ਹ ਕੇ ਉਹਨਾਂ ਨੇ ਰਾਹਤ ਮਹਿਸੂਸ ਕੀਤੀ ਪਰ ਜ਼ਿਆਦਾਤਰ ਸਮਾਂ ਉਨ੍ਹਾਂ ਨੂੰ ਤਪਦੀ ਧੁੱਪ ਵਿਚ ਹੀ ਕੰਮ ਕਰਨਾ ਪਿਆ।