ਪਿੰਡ ਲੋਹਾਰਾ ’ਚ 8 ਸਾਲਾ ਬੱਚੀ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮ ਕਾਬੂ
ਜ਼ਿਲ੍ਹਾ ਮੋਗਾ ਦੇ ਪਿੰਡ ਲੋਹਾਰਾ ਤੋਂ ਇਕ ਬਹੁਤ
Publish Date: Fri, 24 Apr 2026 06:23 PM (IST)
Updated Date: Sat, 25 Apr 2026 04:08 AM (IST)

ਮ੍ਰਿਤਕ ਬੱਚੀ ਦੀ ਫਾਈਲ ਫੋਟੋ। ਗੁਰਦੇਵ ਮਨੇਸ਼, ਪੰਜਾਬੀ ਜਾਗਰਣ ਕੋਟ ਈਸੇ ਖਾਂ : ਜ਼ਿਲ੍ਹਾ ਮੋਗਾ ਦੇ ਪਿੰਡ ਲੋਹਾਰਾ ’ਚ ਇਕ ਅੱਠ ਸਾਲਾ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਲੋਹਾਰਾ ਵਿਖੇ ਐੱਸਆਰ ਭੱਠੇ ’ਤੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਦੇ ਬੱਚੇ ਹਰ ਵੀਰਵਾਰ ਨੂੰ ਫੱਕਰ ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ ’ਤੇ ਲੰਗਰ ਛਕਣ ਲਈ ਜਾਂਦੇ ਸਨ। ਇਸੇ ਦੌਰਾਨ ਇਕ ਦਰਿੰਦੇ ਨੇ ਦੋ ਨਾਬਾਲਗ ਬੱਚਿਆਂ ਨੂੰ ਲਾਲਚ ਦੇ ਕੇ ਆਪਣੇ ਸਾਈਕਲ ’ਤੇ ਬਿਠਾ ਲਿਆ ਅਤੇ ਉਨ੍ਹਾਂ ਨੂੰ ਲੋਹਾਰਾ ਤੋਂ ਵਰਿਆਂ ਵਾਲੀ ਸੜਕ ’ਤੇ ਸਥਿਤ ਇਕ ਬੰਦ ਪਏ ਭੱਠੇ ’ਤੇ ਲੈ ਗਿਆ। ਉੱਥੇ ਪਹੁੰਚ ਕੇ ਮੁਲਜ਼ਮ ਨੇ ਅੱਠ ਸਾਲਾ ਬੱਚੀ, ਜਿਸ ਦੀ ਪਛਾਣ ਸੂਬੀ ਵਜੋਂ ਹੋਈ ਹੈ, ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਦਕਿ ਦੂਜੀ ਬੱਚੀ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਉਣ ’ਚ ਕਾਮਯਾਬ ਰਹੀ। ਜਾਨ ਬਚਾ ਕੇ ਭੱਜ ਆਈ ਬੱਚੀ ਵੱਲੋਂ ਘਟਨਾ ਦੀ ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚੇ, ਜਿੱਥੇ ਬੱਚੀ ਦੀ ਲਾਸ਼ ਨੂੰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਬੱਚੀ ਦੇ ਪਿਤਾ ਸ੍ਰੀਪਾਲ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਐੱਸਆਰ ਭੱਠੇ ’ਤੇ ਮਜ਼ਦੂਰੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਹਰ ਵੀਰਵਾਰ ਦਰਗਾਹ ’ਤੇ ਜਾਂਦੇ ਸਨ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਧਰਮਕੋਟ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦਿਆਂ ਥਾਣਾ ਕੋਟ ਈਸੇ ਖਾਂ ਦੇ ਐੱਸਐੱਚਓ ਸੁਨੀਤਾ ਰਾਣੀ ਸਮੇਤ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਗਈ। ਕੁਝ ਘੰਟਿਆਂ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗਗੜਾ ਵਜੋਂ ਹੋਈ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।