ਸਿਹਤ ਵਿਭਾਗ ਵੱਲੋਂ ਲੜਕੀਆਂ ਨੂੰ ਐੱਚਪੀਵੀ ਵੈਕਸੀਨ ਲਗਾਈ
ਸਿਹਤ ਵਿਭਾਗ ਵੱਲੋਂ ਬੱਚੇਦਾਨੀ ਦੇ ਮੂੰਹ
Publish Date: Sat, 07 Mar 2026 05:13 PM (IST)
Updated Date: Sun, 08 Mar 2026 04:07 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ: ਸਿਹਤ ਵਿਭਾਗ ਵੱਲੋਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਟੀਕਾਕਰਨ ਮੁਹਿੰਮ ਤਹਿਤ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਟੀਕੇ ਲਗਾਏ ਗਏ। ਇਹ ਮੁਹਿੰਮ ਡਾਕਟਰ ਪ੍ਰਦੀਪ ਮਹਿੰਦਰਾ ਸਿਵਲ ਸਰਜਨ ਮੋਗਾ ਅਤੇ ਡਾਕਟਰ ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ। ਇਸ ਮੌਕੇ ਡਾਕਟਰ ਰਿਪੂਦਮਨ ਕੌਰ ਸੀਨੀਅਰ ਮੈਡੀਕਲ ਅਧਿਕਾਰੀ ਕੋਟ ਈਸੇ ਖਾਂ ਦੀ ਯੋਗ ਅਗਵਾਈ ਹੇਠ ਸਿਹਤ ਟੀਮਾਂ ਵੱਲੋਂ ਸਕੂਲਾਂ ’ਚ ਜਾ ਕੇ ਕਿਸ਼ੋਰੀਆਂ ਨੂੰ ਇਸ ਟੀਕੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦਾ ਟੀਕਾਕਰਨ ਕੀਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਟੀਕਾ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਹੋਰ ਸਬੰਧਤ ਕੈਂਸਰਾਂ ਤੋਂ ਬਚਾਅ ਲਈ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹੈ। ਭਾਰਤ ਸਰਕਾਰ ਵੱਲੋਂ 14 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਸਰਕਾਰੀ ਸਿਹਤ ਕੇਂਦਰਾਂ ਅਤੇ ਸਰਕਾਰੀ ਹਸਪਤਾਲਾਂ ਵਿਚ ਇਹ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਡਾਕਟਰਾਂ ਦੇ ਅਨੁਸਾਰ ਇਹ ਟੀਕਾ ਜਿਨਸੀ ਤੌਰ ’ਤੇ ਸਰਗਰਮ ਹੋਣ ਤੋਂ ਪਹਿਲਾਂ ਲਗਵਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਇਸ ਉਮਰ ਵਿਚ ਇਹ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸਿੱਖਿਆਕਾਰ ਜਤਿੰਦਰ ਸੂਦ ਨੇ ਦੱਸਿਆ ਕਿ ਇਹ ਟੀਕਾ ਹਰ ਸਰਕਾਰੀ ਸਿਹਤ ਕੇਂਦਰ ਅਤੇ ਹਸਪਤਾਲ ਵਿਚ ਮੁਫ਼ਤ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਵਾਇਰਸ ਕਾਰਨ ਹੋਣ ਵਾਲੇ ਬੱਚੇਦਾਨੀ ਦੇ ਕੈਂਸਰ, ਜਣਨ ਅੰਗਾਂ ਦੇ ਵਾਰਟਸ ਅਤੇ ਹੋਰ ਕੈਂਸਰਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਇਹ ਟੀਕਾ ਜ਼ਰੂਰ ਲਗਵਾਉਣ ਤਾਂ ਜੋ ਭਵਿੱਖ ਵਿਚ ਗੰਭੀਰ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।