ਝੂਠੀ ਕਹਾਣੀ ਰਚ ਕੇ ਮਾਲਕ ਦੇ 1 ਲੱਖ 90 ਹਜ਼ਾਰ ਹੜੱਪੇ
ਕਰਜ਼ੇ ਵਿਚ ਡੁੱਬੇ ਗੱਡੀ ਚਾਲਕ ਵਿਅਕਤੀ
Publish Date: Wed, 11 Mar 2026 05:24 PM (IST)
Updated Date: Thu, 12 Mar 2026 04:04 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਕਰਜ਼ੇ ਵਿਚ ਡੁੱਬੇ ਗੱਡੀ ਚਾਲਕ ਵਿਅਕਤੀ ਨੇ ਆਪਣੇ ਮਾਲਕ ਦੇ ਪੈਸਿਆਂ ਨੂੰ ਹੜਪਣ ਲਈ ਲੁੱਟਖੋਹ ਦੀ ਝੂਠੀ ਕਹਾਣੀ ਰਚਣ ਦਾ ਡਰਾਮਾ ਕੀਤਾ ਪਰੰਤੂ ਮਾਲਕ ਵੱਲੋਂ ਮਾਮਲਾ ਸ਼ੱਕੀ ਜਾਪਣ ’ਤੇ ਉਸ ਨੇ ਪੁਲਿਸ ਨੂੰ ਸਚਾਈ ਸਾਹਮਣੇ ਲਿਆਉਣ ਲਈ ਕਿਹਾ ਤਾਂ ਪੁਲਿਸ ਵੱਲੋਂ ਗੱਡੀ ਚਾਲਕ ਨਾਲ ਸਖ਼ਤੀ ਨਾਲ ਕੀਤੀ ਪੁੱਛਗਿੱਛ ਤੋਂ ਲੁੱਟਖੋਹ ਦੀ ਕਹਾਣੀ ਝੂਠੀ ਸਾਬਤ ਹੋਈ ਅਤੇ ਪੁਲਿਸ ਨੇ ਗੱਡੀ ਦੀ ਸਟਿਪਨੀ ’ਚ ਪੈਸੇ ਬਰਾਮਦ ਕਰਕੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬੱਧਨੀ ਕਲਾਂ ਦੇ ਇਸੰਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮਹਿਮ ਤਹਿਤ ਅਜੈ ਗਾਂਧੀ ਐੱਸਐੱਸਪੀ ਮੋਗਾ, ਬਾਲ ਕ੍ਰਿਸ਼ਨ ਐੱਸਪੀ (ਆਈ) ਮੋਗਾ ਦੀ ਯੋਗ ਅਗਵਾਈ ਤਹਿਤ ਅਨਵਰ ਅਲੀ ਉੱਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਥਾਣਾ ਬੱਧਨੀ ਕਲਾਂ ਵੱਲੋਂ ਮਿਤੀ 10.03.2026 ਨੂੰ ਅਰੋਪੀ ਮਨਦੀਪ ਕੁਮਾਰ ਵੱਲੋਂ ਪੁਲਿਸ ਨੂੰ ਖੋਹ ਸਬੰਧੀ ਝੂਠੀ ਇਤਲਾਹ ਦੇ ਕੇ ਡਰਾਮਾ ਰਚਣ ’ਤੇ ਗ੍ਰਿਫ਼ਤਾਰ ਕੀਤਾ ਅਤੇ ਮੁਕੱਦਮਾ ਨੰਬਰ 39 ਮਿਤੀ 10.03.2026 ਅ/ਧ 304(2),316(2),217 ਬੀਐੱਨਐੱਸ ਥਾਣਾ ਬੱਧਨੀ ਕਲਾਂ ਦਰਜ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਹਿਲ ਦੁਆ ਪੁੱਤਰ ਗੁਲਸ਼ਨ ਕੁਮਾਰ ਪਿੰਡ ਜਸਪਾਲ ਬਾਂਗਰ ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਹ ਦੁਆ ਬਿਜਨੈਸ ਇੰਮਪੈਕਸ ਦੇ ਨਾਮ ’ਤੇ ਪਲਾਈਵੁੱਡ/ਸਨਮਾਈਕਾ ਦਾ ਕੰਮ ਕਰਦਾ ਹੈ, ਉਸ ਨੇ ਡਰਾਇਵਰ ਮਨਦੀਪ ਕੁਮਾਰ ਨੂੰ ਸਮਾਨ ਦੇ ਕੇ ਬੱਧਨੀ ਕਲਾਂ ਭੇਜਿਆ ਸੀ। ਮਨਦੀਪ ਕੁਮਾਰ ਨੇ ਸਮਾਨ ਉਤਾਰ ਕੇ ਬੱਧਨੀ ਕਲਾਂ ਤੋਂ 1,90,000 ਰੁਪਏ ਲੈ ਲਏ ਸਨ। ਰਸਤੇ ਵਿਚ ਮਨਦੀਪ ਕੁਮਾਰ ਨੇ ਸਾਹਿਲ ਦੁਆ ਨੂੰ ਇਤਲਾਹ ਦਿੱਤੀ ਕਿ ਉਸ ਪਾਸੋਂ 4 ਅਣਪਛਾਤੇ ਨੌਜਵਾਨਾਂ ਨੇ 1,90,000 ਰੁਪਏ ਬੁੱਟਰ ਕਲਾਂ ਅਤੇ ਮੱਦੋਕੇ ਵਿਚਕਾਰ ਖੋਹ ਲਏ ਹਨ। ਜਦ ਉਹ ਮੌਕੇ ’ਤੇ ਪੁੱਜਾ ਤਾਂ ਉਸਨੂੰ ਮਨਦੀਪ ਕੁਮਾਰ ਦੀਆਂ ਦੱਸੀਆਂਂ ਗਲਾਂ ’ਤੇ ਸ਼ੱਕ ਹੋਣ ਲੱਗਾ ਅਤੇ ਸ਼ੱਕ ਹੋਣ ਕਾਰਨ ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਡੁੰਘਾਈ ਨਾਲ ਤਫ਼ਤੀਸ਼ ਕੀਤੀ ਗਈ ਅਤੇ ਤਫ਼ਤੀਸ਼ ਕਰਨ ’ਤੇ ਪਾਇਆ ਗਿਆ ਕਿ ਅਰੋਪੀ ਗੱਡੀ ਚਾਲਕ ਮਨਦੀਪ ਕੁਮਾਰ ਕਰਜ਼ੇ ਵਿਚ ਡੁੱਬਿਆ ਹੋਇਆ ਹੈ। ਜਿਸ ਨੇ ਪੈਸੇ ਹੜੱਪ ਕਰਨ ਦੀ ਨੀਅਤ ਨਾਲ ਝੂਠੀ ਕਹਾਣੀ ਰਚੀ ਸੀ। ਜਿਸ ’ਤੇ ਪੁਲਿਸ ਵੱਲੋਂ ਡੁੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਦੋਸ਼ੀ ਦੀ ਗੱਡੀ ਮਹਿੰਦਰਾ ਦੀ ਸਟਿੱਪਣੀ ’ਚੋਂ 1,85000 ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਅਰੋਪੀ ਚਾਲਕ ਦਾ ਪੁਲੀਸ ਰੀਮਾਂਡ ਲੈ ਕੇ ਹੋਰ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।