ਭਾਜਪਾ ਆਗੂ ਹਰਜੋਤ ਕਮਲ ਦੇ ਬਿਆਨ ਦਾ ਕੀਤਾ ਵਿਰੋਧ
ਬੀਤੇ ਦਿਨੀ ਕਿਲੀ ਚਾਹਲ ਦੀ ਕਾਨਫ਼ਰੰਸ
Publish Date: Fri, 20 Mar 2026 03:36 PM (IST)
Updated Date: Sat, 21 Mar 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਬੀਤੇ ਦਿਨੀ ਕਿਲੀ ਚਾਹਲ ਦੀ ਕਾਨਫ਼ਰੰਸ ਨਾਲ ਸਬੰਧਤ ਮੋਗਾ ਦੇ ਸਾਬਕਾ ਵਿਧਾਇਕ ਹਰਜੋਤ ਕਮਲ ਵੱਲੋਂ ਅਮਿਤ ਸ਼ਾਹ ਨਾਲ ਸਾਂਝੀ ਕੀਤੀ ਗਈ ਗੱਲ ਪੰਜਾਬੀਆਂ ਵੱਲੋਂ ਸਧਾਰਨ ਤੌਰ ’ਤੇ ਨਹੀਂ ਲੈਣਾ ਚਾਹੀਦਾ ਕਿਉਂਕਿ ਭਾਜਪਾ ਦੀ ਰਾਜਨੀਤੀ ਵਿਚ ਅਮਿਤ ਸ਼ਾਹ ਜੋ ਭਾਰਤ ਦੇ ਗ੍ਰਹਿ ਮੰਤਰੀ ਵੀ ਹਨ ਅਤੇ ਭਾਜਪਾ ਦੇ ਕਰਤਿਆਂ ਧਰਤਿਆਂ ਆਗੂਆਂ ’ਚੋਂ ਇਕ ਹਨ ਅਤੇ ਉਸ ਨਾਲ ਗੱਲ ਕਰਨ ਵਾਲਾ ਸਾਬਕਾ ਐੱਮਐੱਲਏ ਵੀ ਅਣਪੜ੍ਹ ਜਾਂ ਅਣਜਾਣ ਨਹੀਂ ਹੈ ਕਿ ਉਹ ਕੇਵਲ ਇਕ ਵਿਧਾਨ ਸਭਾ ਦੀ ਟਿਕਟ ਦੇ ਲਾਲਚ ਵੱਸ ਹੋ ਕੇ ਪੰਜਾਬ ਦੀ ਰਾਜਧਾਨੀ ਬਾਰੇ ਗੱਲ ਸਹਿਜ ਸੁਭਾਅ ਕਰ ਗਿਆ ਹੋਵੇ ਇਹ ਪੰਜਾਬੀਆਂ ਦੇ ਸੋਚਣ ਵਾਲੀ ਗੱਲ ਹੈ ਅਜਿਹੀ ਗੱਲ ਮੋਗਾ ਦੀ ਉਸ ਧਰਤੀ ’ਤੇ ਕਹਿ ਦੇਣਾ ਹੋਰ ਵੀ ਵੱਡੀ ਗੱਲ ਹੈ, ਜਿੱਥੋਂ ਦੇ ਲੋਕਾਂ ਨੇ ਪੰਜਾਬ ਦੇ ਹਿੱਤਾਂ ਵਿਚ ਭਾਰਤ ਦੇਸ਼ ਦੀ ਆਜ਼ਾਦੀ ਦੀਆਂ ਲਹਿਰਾਂ ਵਿਚ ਮੋਹਰੀ ਬਣ ਕੇ ਰੋਲ ਨਿਭਾਇਆ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੁਨਰ ਸੁਰਜੀਤ ਅਕਾਲੀ ਦਲ ਦੇ ਡੈਲੀਗੇਟ ਆਗੂ ਗੁਰਪ੍ਰੀਤਮ ਸਿੰਘ ਚੀਮਾ ਨੇ ਕਿਹਾ ਕਿ ਸਮੇਂ ਸਮੇਂ ’ਤੇ ਕੇਂਦਰੀ ਸਰਕਾਰਾਂ ਵੱਲੋਂ ਕਦੇ ਪੰਜਾਬ ਦੇ ਪਾਣੀਆਂ, ਕਦੇ ਪੰਜਾਬੀ ਬੋਲਦੇ ਇਲਾਕਿਆਂ, ਕਦੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਮਾਮਲਿਆਂ ਵਿਚ, ਕਦੇ ਪੰਜਾਬੀ ਬੋਲੀ ਨਾਲ ਖਿਲਵਾੜ ਕਰਨ ਲਈ ਸਮੇਂ ਸਮੇਂ ਪੰਜਾਬੀਆਂ ਦੀ ਅਣਖ ਅਤੇ ਗੈਰਤ ਨੂੰ ਮਾਪਿਆ ਅਤੇ ਤੋਲਿਆ ਜਾਂਦਾ ਰਹਿੰਦਾ ਹੈ, ਇਸ ਲਈ ਹਰਜੋਤ ਕਮਲ ਵੱਲੋਂ ਕਹੀ ਗੱਲ ਉਨ੍ਹਾਂ ਸਾਜ਼ਿਸ਼ਾਂ ਦਾ ਹੀ ਇਕ ਹਿੱਸਾ ਜਾਪਦਾ ਹੈ ਤਾਂ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬੀਆਂ ਦੀ ਸੋਚ ਤੋਂ ਦੂਰ ਕੀਤਾ ਜਾ ਸਕੇ ਉਨ੍ਹਾਂ ਮੋਗਾ ਹਲਕੇ ਦੇ ਵੋਟਰਾਂ ਨੂੰ ਸੁਚੇਤ ਰਹਿਣ ਲਈ ਸੱਦਾ ਦਿੱਤਾ ਕਿ ਜਿਹੜੇ ਮੋਗਾ ਤੋਂ ਬਾਹਰੀ ਵਿਅਕਤੀ ਨੂੰ ਅਸੀਂ ਵੋਟਾਂ ਪਾ ਕੇ ਆਪਣਾ ਆਗੂ ਚੁਣਿਆ ਅਤੇ ਅੱਜ ਫ਼ਿਰ ਉਹ ਦੂਸਰੀ ਧਿਰ ਨਾਲ ਰਲ ਕੇ ਜੋ ਅਜਿਹੀਆਂ ਗੱਲਾਂ ਕਰਕੇ ਆਗੂ ਬਣਨ ਦੀਆਂ ਵਿਉਂਤਾਂ ਘੜ੍ਹ ਰਿਹਾ ਹੈ, ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ।