ਹੋਲੀ ਹਾਰਟ ਸਕੂਲ ’ਚ ਗੁਰੂ ਰਵਿਦਾਸ ਜੈਯੰਤੀ ਮਨਾਈ
ਇਲਾਕੇ ਦੇ ਪ੍ਰਸਿੱਧ ਵਿਦਿ
Publish Date: Sat, 31 Jan 2026 04:48 PM (IST)
Updated Date: Sun, 01 Feb 2026 04:05 AM (IST)

ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ: ਇਲਾਕੇ ਦੇ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਮਹਾਨ ਸੰਤ ਸਮਾਜ ਸੁਧਾਰਕ ਅਤੇ ਭਗਤੀ ਅੰਦੋਲਨ ਦੇ ਪ੍ਰਮੁੱਖ ਪ੍ਰੇਰਕ ਗੁਰੂ ਰਵਿਦਾਸ ਜੀ ਦੀ ਜੈਅੰਤੀ ਬੜੀ ਧਾਰਮਿਕ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਰਪੂਰ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਦੇ ਚਿੱਤਰ ਸਾਹਮਣੇ ਦੀਪ ਪ੍ਰਜਵੱਲਨ ਅਤੇ ਪੁਸ਼ਪ ਅਰਪਣ ਨਾਲ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਬੱਚਿਆਂ ਨੇ ਭਜਨਾਂ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਗੁਰੂ ਜੀ ਦੇ ਸਮਾਨਤਾ, ਭਰਾਤ੍ਰਿਤਾ, ਸੇਵਾ ਅਤੇ ਮਨੁੱਖਤਾ ਦੇ ਮਹਾਨ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਅਧਿਆਪਕਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਵਿਚ ਫ਼ੈਲੀ ਅਸਮਾਨਤਾ ਅਤੇ ਭੇਦਭਾਵ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਸਾਰੇ ਮਨੁੱਖਾਂ ਨੂੰ ਇਕ ਸਮਾਨ ਮੰਨਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸੱਚਾਈ, ਸਾਦਗੀ ਅਤੇ ਮਿਹਨਤ ਭਰਾ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ। ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ੍ਰੈਆ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਾਂਸਕ੍ਰਿਤਿਕ ਸਮਾਗਮ ਵਿਦਿਆਰਥੀਆਂ ਵਿਚ ਨੈਤਿਕ ਮੁੱਲਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਸਮਾਗਮ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਗੁਰੂ ਰਵਿਦਾਸ ਜੀ ਦੇ ਦਿਖਾਏ ਰਾਹ ’ਤੇ ਚੱਲਣ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ।