ਗੜੇਮਾਰੀ ਨਾਲ ਨੁਕਸਾਨੀ ਫਸਲ ਦਾ ਮੁਆਵਜ਼ਾ ਮੰਗਿਆ
ਬੀਤੇ ਕੱਲ੍ਹ ਪਈ ਤੇਜ਼ ਹਨੇਰੀ, ਗੜੇਮਾਰੀ
Publish Date: Sun, 05 Apr 2026 03:58 PM (IST)
Updated Date: Mon, 06 Apr 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਬੀਤੇ ਕੱਲ੍ਹ ਪਈ ਤੇਜ਼ ਹਨੇਰੀ, ਗੜੇਮਾਰੀ ਅਤੇ ਮੀਂਹ ਨੇ ਖੇਤਾਂ ਵਿਚ ਖੜ੍ਹੀ ਪੱਕੀ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਕਈ ਥਾਵਾਂ ’ਤੇ ਕਣਕ ਦੀ ਫਸਲ ਜ਼ਮੀਨ ’ਤੇ ਵਿਛ ਗਈ, ਜਦਕਿ ਗੜੇਮਾਰੀ ਕਾਰਨ ਸਿਰੀਆਂ ਅਤੇ ਦਾਣਿਆਂ ਨੂੰ ਵੀ ਹਾਨੀ ਪਹੁੰਚੀ ਹੈ। ਇਸ ਅਚਾਨਕ ਬਦਲੇ ਮੌਸਮ ਕਾਰਨ ਕਿਸਾਨਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਖੇਤੀਬਾੜੀ ਨਾਲ ਜੁੜੇ ਪਰਿਵਾਰਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਜਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਨੇ ਇਕ ਸਾਂਝੇ ਪ੍ਰੈਸ ਬਿਆਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕੜਿਆਲ, ਨੂਰਪੁਰ ਹਕੀਮਾਂ, ਰਸੂਲਪੁਰ, ਸ਼ੇਰਪੁਰ ਤਾਇਬਾਂ, ਬਾਕਰਵਾਲਾ, ਰੇੜਵਾਂ ਆਦਿ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ, ਮਹਿੰਗੀ ਖੇਤੀ, ਕਰਜ਼ੇ ਅਤੇ ਘੱਟਦੀ ਆਮਦਨ ਨਾਲ ਸੰਘਰਸ਼ ਕਰ ਰਿਹਾ ਹੈ, ਉੱਪਰੋਂ ਕੁਦਰਤੀ ਆਫ਼ਤਾਂ ਨੇ ਉਸ ਦੀ ਹਾਲਤ ਹੋਰ ਵੀ ਨਾਜ਼ੁਕ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਆਈ ਤੇਜ਼ ਹਨੇਰੀ ਅਤੇ ਗੜੇਮਾਰੀ ਨੇ ਉਨ੍ਹਾਂ ਫਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਜੋ ਪੱਕ ਕੇ ਕਟਾਈ ਲਈ ਬਿਲਕੁਲ ਤਿਆਰ ਸਨ। ਬਲਵੰਤ ਸਿੰਘ ਬਹਿਰਾਮ ਕੇ ਨੇ ਕਿਹਾ ਕਿ ਕਿਸਾਨ ਸਾਲ ਭਰ ਦਿਨ-ਰਾਤ ਇਕ ਕਰਕੇ ਆਪਣੀ ਫਸਲ ਨੂੰ ਤਿਆਰ ਕਰਦਾ ਹੈ, ਪਰ ਜਦੋਂ ਮੌਸਮ ਦੀ ਇਕ ਮਾਰ ਉਸ ਦੀ ਸਾਰੀ ਮਿਹਨਤ ’ਤੇ ਪਾਣੀ ਫੇਰ ਦੇਵੇ ਤਾਂ ਉਸ ਦਾ ਮਨੋਬਲ ਵੀ ਟੁੱਟ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ 70 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਈ ਪਿੰਡਾਂ ਵਿਚ ਕਣਕ ਦੀ ਫਸਲ ਜ਼ਮੀਨ ਨਾਲ ਲੱਗ ਚੁੱਕੀ ਹੈ, ਜਿਸ ਨਾਲ ਨਾ ਸਿਰਫ ਉਪਜ ਘਟੇਗੀ, ਸਗੋਂ ਮੰਡੀ ਵਿਚ ਫਸਲ ਦੀ ਗੁਣਵੱਤਾ ’ਤੇ ਵੀ ਅਸਰ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਿਰਫ ਕਾਗਜ਼ੀ ਐਲਾਨਾਂ ਨਾਲ ਕਿਸਾਨਾਂ ਦੀ ਪੀੜ ਘੱਟ ਨਹੀਂ ਹੋਵੇਗੀ, ਸਗੋਂ ਜ਼ਮੀਨੀ ਪੱਧਰ ’ਤੇ ਤੁਰੰਤ ਕਾਰਵਾਈ ਦੀ ਲੋੜ ਹੈ।