ਸਰਕਾਰ ਫ਼ਸਲਾਂ ਦੇ ਖਰਾਬੇ ’ਤੇ ਬੀਮਾ ਪਾਲਸੀ ਲਿਆਵੇ : ਅਰੋੜਾ
ਸਮਾਜਸੇਵੀ ਅਤੇ ਡਾ. ਹਰਭਜਨ
Publish Date: Wed, 08 Apr 2026 03:23 PM (IST)
Updated Date: Thu, 09 Apr 2026 03:59 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ: ਸਮਾਜਸੇਵੀ ਅਤੇ ਡਾ. ਹਰਭਜਨ ਸਿੰਘ ਅਰੋੜਾ ਕੋਟ ਈਸੇ ਖਾਂ ਵੱਲੋਂ ਜਾਰੀ ਬਿਆਨ ਵਿਚ ਸਰਕਾਰ ਕੋਲ ਮੰਗ ਕੀਤੀ ਗਈ ਹੈ ਕਿ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਫ਼ਸਲਾਂ ਦੇ ਨੁਕਸਾਨ ਤੋਂ ਬਚਾਅ ਲਈ ਤੁਰੰਤ ਪ੍ਰਭਾਵ ਨਾਲ ਇਕ ਪੱਕੀ ਅਤੇ ਲਾਭਕਾਰੀ ਬੀਮਾ ਪਾਲਸੀ ਲਾਗੂ ਕੀਤੀ ਜਾਵੇ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ ਬੀਤੇ ਦਿਨੀਂ ਬੇਮੌਸਮੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਧਰਮਕੋਟ ਹਲਕੇ ਦੇ ਕਈ ਪਿੰਡਾਂ ਵਿਚ ਪੱਕ ਕੇ ਤਿਆਰ ਕਣਕ ਦੀ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਨਾਲ ਖ਼ਾਸ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਗੜੇਮਾਰੀ ਨਾਲ ਹੋਏ ਨੁਕਸਾਨ ’ਤੇ ਡੂੰਘੀ ਚਿੰਤਾ ਜਤਾਈ। ਡਾ. ਅਰੋੜਾ ਨੇ ਕਿਹਾ ਕਿ ਕਣਕ ਸਮੇਤ ਹੋਰ ਫ਼ਸਲਾਂ ਪੂਰੀ ਤਰ੍ਹਾਂ ਤਿਆਰ ਹੋਣ ਦੇ ਬਾਵਜੂਦ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਆ ਗਈਆਂ ਹਨ, ਜਿਸ ਨਾਲ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਵਿਅਰਥ ਚਲੀ ਗਈ ਹੈ। ਕਈ ਕਿਸਾਨਾਂ ਨੇ ਕਰਜ਼ੇ ਲੈ ਕੇ ਖੇਤੀ ਕੀਤੀ ਸੀ ਅਤੇ ਹੁਣ ਨੁਕਸਾਨ ਕਾਰਨ ਉਹ ਕਰਜ਼ਾ ਵਾਪਸ ਕਰਨ ਵਿਚ ਅਸਮਰਥ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਆਵਜ਼ਾ ਅਕਸਰ ਬਹੁਤ ਘੱਟ ਹੁੰਦਾ ਹੈ, ਜੋ ਅਸਲ ਨੁਕਸਾਨ ਦੀ ਭਰਪਾਈ ਨਹੀਂ ਕਰਦਾ। ਇਸ ਲਈ ਹਰ ਕਿਸਮ ਦੀ ਫ਼ਸਲ ’ਤੇ ਸੋ ਫੀਸਦੀ ਬੀਮਾ ਪਾਲਸੀ ਲਾਗੂ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਮੀਂਹ, ਗੜੇਮਾਰੀ ਜਾਂ ਹੋਰ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾ ਸਕੇ। ਡਾ. ਅਰੋੜਾ ਨੇ ਇਹ ਵੀ ਮੰਗ ਕੀਤੀ ਕਿ ਬੀਮਾ ਕਲੇਮ ਪ੍ਰਕਿਰਿਆ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਨਾਲ ਹੀ ਬੀਮਾ ਪ੍ਰੀਮੀਅਮ ਵਿਚ ਵੱਡੀ ਹਿੱਸੇਦਾਰੀ ਸਰਕਾਰ ਵੱਲੋਂ ਭਰੀ ਜਾਵੇ ਤਾਂ ਜੋ ਛੋਟੇ ਕਿਸਾਨਾਂ ’ਤੇ ਵੱਧ ਭਾਰ ਨਾ ਪਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਲੋਕ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਨੇ ਉਮੀਦ ਜਤਾਈ ਕਿ ਸਰਕਾਰ ਇਸ ਗੰਭੀਰ ਮਸਲੇ ਨੂੰ ਸਮਝਦੇ ਹੋਏ ਤੁਰੰਤ ਕਾਰਵਾਈ ਕਰੇਗੀ।