ਸਰਕਾਰੀ ਬਹੁਤਕਨੀਕੀ ਕਾਲਜ ’ਚ ਐਲੂਮਨੀ ਮੀਟ ਕਰਵਾਈ
ਸਰਕਾਰੀ ਬਹੁ-ਤਕਨੀਕੀ ਕਾਲਜਐਲੂਮਨੀ ਮੀਟ ਦੌਰਾਨ ਸਰਕਾਰੀ ਬੁਹਤਕਨੀਕੀ ਕਾਲਜ ਦੇ ਪੁਰਾਣੇ ਵਿਦਿਆਰਥੀ।
Publish Date: Sun, 05 Apr 2026 06:09 PM (IST)
Updated Date: Mon, 06 Apr 2026 04:05 AM (IST)

ਪਵਨ ਗਰਗ ਪੰਜਾਬੀ ਜਾਗਰਣ, ਬਾਘਾਪੁਰਾਣਾ : ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦੁਰਗੜ੍ਹ ਜ਼ਿਲਾ ਮੋਗਾ ਵਿਖੇ ਪ੍ਰਿੰਸੀਪਲ ਪਰਮਿੰਦਰ ਕੌਰ ਧਾਲੀਵਾਲ ਦੇ ਉੱਦਮ ਸਦਕਾ ਪੁਰਾਣੇ ਵਿਦਿਆਰਥੀਆਂ ਦੀ ਐਲੂਮਨੀ ਮੀਟ ਬੜੇ ਹੀ ਉਤਸ਼ਾਹ ਨਾਲ ਕਰਵਾਈ ਗਈ। ਇਸ ਸਮਾਗਮ ਵਿਚ ਸਾਲ 1979 ਤੋਂ 1985 ਤੱਕ ਦੇ ਬੈਚਾਂ ਦੇ ਲਗਪਗ 45 ਪੁਰਾਣੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਐਲੂਮਨੀ ਮੀਟ ਦਾ ਮੁੱਖ ਉਦੇਸ਼ ਪੁਰਾਣੇ ਵਿਦਿਆਰਥੀਆਂ ਨੂੰ ਇਕੱਠਾ ਕਰਨਾ ਅਤੇ ਮੌਜੂਦਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਅਨੁਭਵਾਂ ਤੋਂ ਪ੍ਰੇਰਿਤ ਕਰਨਾ ਸੀ। ਕਾਲਜ ਦੀ ਟੀਮ ਜਿਸ ਵਿੱਚ ਬਲਜੀਤ ਸਿੰਘ ਵਿਰਕ (ਮੁਖੀ ਵਿਭਾਗ), ਉੱਤਮਪ੍ਰੀਤ ਸਿੰਘ (ਸੀਨੀਅਰ ਲੈਕਚਰਾਰ) ਅਤੇ ਬਿਮਲ ਪ੍ਰਕਾਸ (ਫੋਰਮੈਨ ਇੰਸਟਰੱਕਟਰ) ਸ਼ਾਮਲ ਸਨ ਵੱਲੋਂ ਇਸ ਪ੍ਰੋਗਰਾਮ ਦੀ ਸੁਚੱਜੀ ਯੋਜਨਾ ਬਣਾਈ ਗਈ। ਬਰਜਿੰਦਰ ਸਿੰਘ ਮੁਖੀ ਵਿਭਾਗ ਦੇ ਸਹਿਯੋਗ ਨਾਲ ਸਮਾਗਮ ਨੂੰ ਬਾਖੂਬੀ ਅੰਜਾਮ ਦਿੱਤਾ ਗਿਆ। ਸਮਾਗਮ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਜੀਵਨ ਦੇ ਅਨੁਭਵ ਅਤੇ ਸਫਲਤਾ ਦੀਆਂ ਕਹਾਣੀਆਂ ਮੌਜੂਦਾ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਨੌਜਵਾਨਾਂ ਨੂੰ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਪੜ੍ਹਾਈ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਿੱਖਿਆ ਹੀ ਉਨ੍ਹਾਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਾ ਸਕਦੀ ਹੈ। ਇਸ ਮੌਕੇ ਕਾਲਜ ਦੇ ਪਾਸ ਆਊਟ ਵਿਦਿਆਰਥੀ ਗੁਰਮੀਤ ਸਿੰਘ ਕੜਿਆਲ, ਜੋ ਕਿ ਇਸ ਵੇਲੇ ਜ਼ਿਲਾ ਭਲਾਈ ਅਫਸਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਨਿਰਧਾਰਤ ਕਰਕੇ ਉਨ੍ਹਾਂ ਨੂੰ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਇਸ ਤੋਂ ਇਲਾਵਾ ਸਮਸ਼ੇਰ ਸਿੰਘ (ਰਿਟਾਇਰਡ), ਪੰਜਾਬ ਪੁਲਿਸ ਵਿਭਾਗ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦਾ ਮਨੋਬਲ ਵਧਾਇਆ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਕਾਲਜ ਦੇ ਪ੍ਰਿੰਸੀਪਲ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਬਲਵਿੰਦਰ ਸਿੰਘ ਸਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਯਤਨਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਕਾਲਜ ਦੇ ਹੋਰ ਸਟਾਫ ਮੈਂਬਰਾਂ ਵਿੱਚ ਸੁਖਜੀਤ ਸਿੰਘ, ਅਰੁਣ ਕੁਮਾਰ, ਪਰਮਿੰਦਰ ਸਿੰਘ, ਨਰਿੰਦਰ ਸਿੰਘ, ਕੁਲਵੀਰ ਸਿੰਘ (ਲੈਕਚਰਾਰ), ਠਾਕੁਰ ਪ੍ਰਕਾਸ ਸਿੰਘ ਅਤੇ ਅਰੁਣ ਕੁਮਾਰ ਐੱਫਆਈ ਅਤੇ ਸਤਨਾਮ ਸਿੰਘ (ਲੈਬ ਸਹਾਇਕ) ਵੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਪਰਮਿੰਦਰ ਕੌਰ ਧਾਲੀਵਾਲ ਨੇ ਸਾਰੇ ਪੁਰਾਣੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਨਵੀਂ ਉਰਜਾ ਭਰਦੇ ਹਨ ਅਤੇ ਕਾਲਜ ਨਾਲ ਉਨ੍ਹਾਂ ਦੀਆਂ ਯਾਦਾਂ ਨੂੰ ਜਿਉਂਦਾ ਰੱਖਦੇ।