- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਅਤੇ ਪਰਿਵਾਰ ਭਲਾਈ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰ ਘਰ ਤੱਕ ਬਿਹਤਰ ਸਿਹਤ ਸੁਰੱਖਿਆ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟਰੇਸ਼ਨ ’ਚ ਤੇਜ਼ੀ ਲਿਆਉਣ ਲਈ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦੇ ਨਾਲ ਐੱਸਐੱਮਓ ਮੋਗਾ ਡਾ. ਹਰਿੰਦਰ ਸਿੰਘ ਸੂਦ ਅਤੇ ਸਿਹਤ ਵਿਭਾਗ ਦੇ ਮੀਡੀਆ ਅਧਿਕਾਰੀਆਂ ਸਮੇਤ ਸਿਵਲ ਸਰਜਨ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਉਣ ਵਾਲੇ ਕੇਂਦਰ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਸਿੰਗਲਾ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਵੱਖ-ਵੱਖ ਪਿੰਡਾਂ ਵਿਚ ਲਗਾਏ ਜਾ ਰਹੇ ਕੈਂਪ ਅਤੇ ਜ਼ਿਲ੍ਹਾ ਮੋਗਾ ਦੇ ਸਾਰੇ ਕਾਮਨ ਸਰਵਿਸ ਸੈਂਟਰਾਂ ’ਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਇਹ ਕਾਰਡ ਬਣਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਕਿਸੇ ਬਿਮਾਰੀ ਸਮੇਂ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਹੋ ਕੇ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੌਰਵਪਰੀਤ ਸਿੰਘ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਇਲਾਜ ਲਈ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਨੂੰ ਰਜਿਸਟਰ ਕਰਵਾਉਣ ਤਾਂ ਜੋ ਗੰਭੀਰ ਬਿਮਾਰੀਆਂ, ਸਰਜਰੀਆਂ ਅਤੇ ਐਮਰਜੈਂਸੀ ਸਮੇਂ ਨਕਦੀ ਰਹਿਤ ਇਲਾਜ ਦੀ ਸਹੂਲਤ ਲਈ ਜਾ ਸਕੇ। ਡਾ. ਸੋਢੀ ਨੇ ਦੱਸਿਆ ਕਿ ਕਾਰਡ ਬਣਾਉਣ ਲਈ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਸਮੇਤ ਵੋਟਰ ਕਾਰਡ ਅਤੇ ਆਧਾਰ ਕਾਰਡ ਨਾਲ ਲੈ ਕੇ ਕੈਂਪ ਜਾਂ ਕਾਮਨ ਸਰਵਿਸ ਸੈਂਟਰ ਰਾਹੀਂ ਆਪਣੇ ਪਰਿਵਾਰ ਦੀ ਮੁਫ਼ਤ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਜਸਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਹਰ ਪਰਿਵਾਰ ਨੂੰ ਦੇਣ ਲਈ ਕਾਰਡ ਬਣਾਉਣ ਲਈ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ ’ਤੇ ਸਿਹਤ ਵਿਭਾਗ ਦੇ ਕਰਮਚਾਰੀਆਂ/ਅਧਿਕਾਰੀਆਂ, ਆਸ਼ਾ ਵਰਕਰਾਂ ਅਤੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਪਰਿਵਾਰਾਂ ਨੂੰ ਇਸ ਸਕੀਮ ਵਿਚ ਰਜਿਸਟਰ ਕੀਤਾ ਜਾ ਸਕੇ। ਸਿਹਤ ਵਿਭਾਗ ਮੋਗਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਜਲਦੀ ਤੋਂ ਜਲਦੀ ਆਪਣੀ ਰਜਿਸਟਰੇਸ਼ਨ ਕਰਵਾ ਲੈਣ ਤਾਂ ਜੋ ਕਿਸੇ ਬਿਮਾਰੀ ਸਮੇਂ ਸਰਕਾਰੀ ਜਾਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਹੋਣ ਸਮੇਂ ਮੁਫ਼ਤ ਇਲਾਜ ਦੀ ਸਹੂਲਤ ਲਈ ਜਾ ਸਕੇ। ਇਸ ਮੌਕੇ ਸਟਾਫ਼ ਤੋ ਇਲਾਵਾ ਮਾਸ ਮੀਡੀਆ ਵਿੰਗ ਤੋਂ ਹਰਜਿੰਦਰ ਕੌਰ ਅਤੇ ਪੰਕਜ ਦੂਬੇ ਫੈਸਲਟੀ ਮੈਨੇਜਰ ਸਿਵਲ ਹਸਪਤਾਲ਼ ਮੋਗਾ, ਡਾ. ਅਜੇ ਖੁਰਾਣਾ ਆਰਬੀਐੱਸਕੇ ਵੀ ਹਾਜ਼ਰ ਸਨ।