ਜਥੇਦਾਰ ਤੋਤਾ ਸਿੰਘ ਦੀ ਯਾਦ ’ਚ ਅੱਖਾਂ ਦਾ ਕੈਂਪ 29 ਨੂੰ
ਪਿੰਡ ਜਲਾਲਾਬਾਦ ਸਵ. ਜਥੇਦਾਰ ਤੋਤਾ ਸਿੰਘ।
Publish Date: Thu, 22 Jan 2026 03:21 PM (IST)
Updated Date: Fri, 23 Jan 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਪਿੰਡ ਜਲਾਲਾਬਾਦ ਪੂਰਬੀ ਵਿਚ ਵਿਕਾਸ ਦੇ ਮਸੀਹਾ ਮਰਹੂਮ ਜਥੇਦਾਰ ਤੋਤਾ ਸਿੰਘ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਦੀ ਨਿੱਘੀ ਯਾਦ ਨੂੰ ਸਮਰਪਿਤ ਮਹੀਨਾਵਾਰ ਕੈਂਸਰ ਅਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ 29 ਜਨਵਰੀ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਹ ਕੈਂਪ ਗੁਰਦੁਆਰਾ ਬਾਬਾ ਤੇਜਾ ਸਿੰਘ ਜੀ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਬਾਲਦੀਪ ਸਿੰਘ ਹੈਰੀ ਨੇ ਦੱਸਿਆ ਕਿ ਇਹ ਸਿਹਤ ਸੇਵਾ ਕੈਂਪ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਮੁੱਚੇ ਬਰਾੜ ਪਰਿਵਾਰ ਵੱਲੋਂ ਨਿਰੰਤਰ ਤੌਰ ’ਤੇ ਲਗਾਏ ਜਾਂਦੇ ਹਨ ਤਾਂ ਜੋ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮਿਲ ਸਕਣ। ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਦੀਆਂ ਮਾਹਿਰ ਟੀਮਾਂ ਵੱਲੋਂ ਹਰ ਕਿਸਮ ਦੇ ਕੈਂਸਰ ਸਬੰਧੀ ਜਾਂਚਾਂ ਕੀਤੀਆਂ ਜਾਣਗੀਆਂ ਅਤੇ ਮਰੀਜ਼ਾਂ ਨੂੰ ਇਲਾਜ ਬਾਰੇ ਸਹੀ ਅਤੇ ਵਿਸਥਾਰਪੂਰਕ ਸਲਾਹ ਦਿੱਤੀ ਜਾਵੇਗੀ। ਇਸ ਨਾਲ ਲੋਕਾਂ ਵਿਚ ਕੈਂਸਰ ਬਾਰੇ ਜਾਗਰੂਕਤਾ ਵੀ ਵਧੇਗੀ। ਇਸ ਤੋਂ ਇਲਾਵਾ ਅੱਖਾਂ ਦੀ ਵਿਸ਼ੇਸ਼ ਜਾਂਚ ਵੀ ਕੀਤੀ ਜਾਵੇਗੀ। ਅੱਖਾਂ ਦੀ ਜਾਂਚ ਉਪਰੰਤ ਜਿਨ੍ਹਾਂ ਨੂੰ ਲੋੜ ਹੋਵੇਗੀ, ਉਨ੍ਹਾਂ ਨੂੰ ਮੌਕੇ ’ਤੇ ਹੀ ਨਜ਼ਰ ਵਾਲੀਆਂ ਐਨਕਾਂ ਦਿੱਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਵੇ। ਕੈਂਪ ਵਿਚ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਵੰਡੀਆਂ ਜਾਣਗੀਆਂ। ਆਯੋਜਕਾਂ ਦਾ ਕਹਿਣਾ ਹੈ ਕਿ ਗਰੀਬ ਅਤੇ ਲੋੜਵੰਦ ਵਰਗ ਲਈ ਇਹ ਕੈਂਪ ਵੱਡੀ ਰਾਹਤ ਸਾਬਤ ਹੋ ਰਹੇ ਹਨ ਕਿਉਂਕਿ ਇਲਾਜ ਦੇ ਵਧਦੇ ਖਰਚਿਆਂ ਵਿਚ ਇਹ ਸੇਵਾ ਬਹੁਤ ਮਹੱਤਵਪੂਰਨ ਹੈ। ਇਕਬਾਲਦੀਪ ਸਿੰਘ ਹੈਰੀ ਨੇ ਅੱਗੇ ਦੱਸਿਆ ਕਿ ਜਥੇਦਾਰ ਤੋਤਾ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਕੈਂਪ ਲੜੀਵਾਰ ਤੌਰ ’ਤੇ ਹਰ ਮਹੀਨੇ ਦੇ ਅਖ਼ੀਰਲੇ ਹਫ਼ਤੇ ਲਗਾਏ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਸਿਹਤ ਸੇਵਾ ਦਾ ਲਾਭ ਉਠਾਉਣ ਦੀ ਅਪੀਲ ਕੀਤੀ।