‘ਪੰਜਾਬ ਦੀ ਗੱਲ’ ਸੈਮੀਨਾਰ ਬਾਰੇ ਦਿੱਤੀ ਜਾਣਕਾਰੀ
ਸੰਘਰਸ਼ਾਂ ਅਤੇ ਸਿਆਸੀ ਰੈਲੀਆਂ
Publish Date: Sat, 28 Feb 2026 04:14 PM (IST)
Updated Date: Sun, 01 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸੰਘਰਸ਼ਾਂ ਅਤੇ ਸਿਆਸੀ ਰੈਲੀਆਂ ਦੀ ਧਰਤੀ ਮੋਗਾ ਵਿਖੇ ਅੰਤਰ ਰਾਸ਼ਟਰੀ ਔਰਤ ਦਿਵਸ ਮੌਕੇ 8 ਮਾਰਚ ਨੂੰ ਸਿਵਲ ਸੁਸਾਇਟੀ ਮੋਗਾ ਵੱਲੋਂ ਪੰਜਾਬ ਦੀ ਗੱਲ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਕਾਮਰੇਡ ਨਛੱਤਰ ਸਿੰਘ ਭਵਨ ਵਿਖੇ ਦੁਪਹਿਰ ਦੋ ਵਜੇ ਤੋਂ ਪੰਜ ਤੱਕ ਹੋਵੇਗਾ। ਇਸ ਸੈਮੀਨਾਰ ਵਿਚ ਉਕਤ ਵਿਸ਼ਿਆਂ ’ਤੇ ਖੁੱਲ੍ਹੀ ਗੱਲਬਾਤ ਕਰਨ ਲਈ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਤੋਂ ਮੋਗਾ ਸ਼ਹਿਰ ਦੇ ਬੁੱਧੀਜੀਵੀ, ਲੇਖਕ, ਸਮਾਜਿਕ ਧਾਰਮਿਕ ਅਤੇ ਰਾਜਨੀਤਕ ਆਗੂ, ਮੁਲਾਜ਼ਮ, ਮਜ਼ਦੂਰ, ਕਿਸਾਨ, ਵਿਦਿਆਰਥੀ, ਦੁਕਾਨਦਾਰ ਅਤੇ ਵਪਾਰਕ ਜੱਥੇਬੰਦੀਆਂ ਦੇ ਆਗੂ ਅਤੇ ਆਮ ਲੋਕ ਵੱਡੀ ਸ਼ਮੂਲੀਅਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈਂਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਰੋਡੇ ਨੇ ਸਿਵਲ ਸੁਸਾਇਟੀ ਮੋਗਾ ਦੇ ਦਫ਼ਤਰ ਵਿਖੇ ਪ੍ਰੈੱਸ ਨੂੰ ਸੰਬੋਧਨ ਦੌਰਾਨ ਕਿਹਾ ਕਿ ਅੱਜ ਪੰਜਾਬ ਸਮੱਸਿਆਵਾਂ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਨ੍ਹਾਂ ਵਿਚੋਂ ਜਿਆਦਾਤਰ ਸਮੱਸਿਆਵਾਂ ਮਾੜੇ ਰਾਜ ਪ੍ਰਬੰਧਾਂ ਕਾਰਨ ਪੈਦਾ ਹੋਈਆਂ ਹਨ ਜਦਕਿ ਕੁੱਝ ਸਮੱਸਿਆਵਾਂ ਆਮ ਨਾਗਰਿਕਾਂ ਅਤੇ ਸੰਗਠਿਤ ਜੱਥੇਬੰਦੀਆਂ ਦੀ ਬੇਧਿਆਨੀ ਜਾਂ ਗੈਰ ਼ਿਜ਼ਿੰਮੇਵਾਰੀ ਵਿਚੋਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਿਰੰਜਨ ਸਿੰਘ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮੱਸਿਆਵਾਂ ਦੇ ਟਾਕਰੇ ਲਈ ਸਮਰੱਥ ਬਨਾਉਣ ਲਈ ਦੋ ਪੱਖੀ ਵਾਰਤਾ ਕਰਨਗੇ, ਜਿਸ ਵਿਚ ਆਮ ਲੋਕ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰ ਸਕਣਗੇ। 8 ਮਾਰਚ ਨੂੰ ਨਛੱਤਰ ਸਿੰਘ ਭਵਨ ਬੱਸ ਸਟੈਂਡ ਮੋਗਾ ਪਹੁੰਚ ਕੇ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਚਾਹੀਦੀ ਹੈ। ਉਨ੍ਹਾਂ ਮੋਗਾ ਵਾਸੀਆਂ ਨੂੰ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਭ੍ਰਿਸ਼ਟਾਚਾਰ, ਨਸ਼ਿਆਂ, ਬੇਰੁਜ਼ਗਾਰੀ ਰਾਜਨੀਤਕ ਗੁੰਡਾਗਰਦੀ ਦੇ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਨ ਅਤੇ ਆਪਣੇ ਲਈ ਸਿਹਤ, ਸਿੱਖਿਆ, ਸਾਫ਼ ਪਾਣੀ, ਸਾਫ਼ ਹਵਾ ਅਤੇ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਸਿਵਲ ਸੁਸਾਇਟੀ ਮੋਗਾ ਦੇ ਸੀਨੀਅਰ ਮੈਂਬਰ ਵੀਪੀ ਸੇਠੀ, ਦਿਆਲ ਸਿੰਘ, ਤੇਜਾ ਸਿੰਘ ਬਰਾੜ ਅਤੇ ਸ਼ਿਵਸ਼ਰਨ ਸਿੰਘ ਆਦਿ ਵੀ ਹਾਜ਼ਰ ਸਨ।