ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪਿੰਡਾਂ ’ਚ ਕੱਢਿਆ ਝੰਡਾ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ
Publish Date: Sun, 04 Jan 2026 04:07 PM (IST)
Updated Date: Mon, 05 Jan 2026 04:03 AM (IST)

ਬਿਜਲੀ ਤੇ ਬੀਜ ਸੋਧ ਬਿੱਲ ਦੇ ਵਿਰੋਧ ’ਚ ਕੀਤੀ ਨਾਅਰੇਬਾਜ਼ੀ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਵੱਖ-ਵੱਖ ਪਿੰਡਾਂ ਵਿਚ ਮੋਟਰਸਾਈਕਲਾਂ ‘ਤੇ ਝੰਡਾ ਮਾਰਚ ਕੀਤਾ ਗਿਆ। ਇਹ ਝੰਡਾ ਮਾਰਚ ਪਿੰਡ ਸਿੰਘਾਵਾਲਾ, ਬੁੱਕਣ ਵਾਲਾ, ਡਰੋਲੀ ਭਾਈ, ਸਾਫੂ ਵਾਲਾ, ਪੇਖਾ ਸੋਸ਼ਣ, ਬਘੇਲੇ ਵਾਲਾ, ਮੰਗੇ ਵਾਲਾ, ਝੰਡੇ ਵਾਲਾ ਅਤੇ ਥੰਮਣ ਵਾਲਾ ਸਮੇਤ ਹੋਰ ਪਿੰਡਾਂ ਵਿਚ ਕੱਢਿਆ ਗਿਆ। ਇਸ ਮੌਕੇ ਝੰਡਾ ਮਾਰਚ ਦੀ ਅਗਵਾਈ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ 2025 ਲਿਆਂਦੇ ਜਾ ਰਹੇ ਹਨ, ਜੋ ਪੂਰੀ ਤਰ੍ਹਾਂ ਕਿਸਾਨ ਅਤੇ ਆਮ ਲੋਕ ਵਿਰੋਧੀ ਹਨ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਬਿੱਲ ਪਾਸ ਹੋ ਗਏ ਤਾਂ ਦੇਸ਼ ਭਰ ਦੇ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੇ ਜਾਣਗੇ, ਜਿਸ ਨਾਲ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ ਅਤੇ ਕਿਸਾਨਾਂ ਤੇ ਗਰੀਬ ਲੋਕਾਂ ਨੂੰ ਮਿਲ ਰਹੀਆਂ ਸਾਰੀਆਂ ਸਬਸਿਡੀਆਂ ਖਤਮ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਬੀਜ ਸੋਧ ਬਿੱਲ ਪਾਸ ਹੋਣ ਨਾਲ ਖੇਤੀਬਾੜੀ ਨਾਲ ਜੁੜਿਆ ਸਾਰਾ ਖੇਤਰ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੇਠ ਚਲਾ ਜਾਵੇਗਾ, ਜਿਸ ਨਾਲ ਕਿਸਾਨ ਆਪਣੀ ਫ਼ਸਲ ਅਤੇ ਬੀਜਾਂ ‘ਤੇ ਹੱਕ ਗੁਆ ਬੈਠਣਗੇ। ਇਸ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਨਵਾਂ ਕਾਨੂੰਨ ਲਿਆਂਦਾ ਗਿਆ ਹੈ, ਜਿਸ ਨਾਲ ਪਿੰਡਾਂ ਦੇ ਗਰੀਬ ਮਜ਼ਦੂਰ ਦਿਹਾੜੀਆਂ ਤੋਂ ਵਾਂਝੇ ਹੋ ਜਾਣਗੇ। ਇਨ੍ਹਾਂ ਸਭ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪਿੰਡਾਂ ਵਿਚ ਮੋਟਰਸਾਈਕਲਾਂ ‘ਤੇ ਝੰਡਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਹ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਕਿਸਾਨ ਤੇ ਮਜ਼ਦੂਰ ਆਪਣੇ ਹੱਕਾਂ ਲਈ ਹਰ ਪੱਧਰ ‘ਤੇ ਸੰਘਰਸ਼ ਜਾਰੀ ਰੱਖਣਗੇ। ਇਸ ਝੰਡਾ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂ ਵਾਲਾ, ਬਲਾਕ ਮੋਗਾ-2 ਦੇ ਪ੍ਰਧਾਨ ਮੁਖਤਿਆਰ ਸਿੰਘ ਕਾਨ ਸਿੰਘ ਵਾਲਾ, ਸੁਖਦੇਵ ਸਿੰਘ ਝੰਡਿਆਣਾ, ਕੇਵਲ ਸਿੰਘ ਝੰਡਿਆਣਾ, ਬਲਦੇਵ ਸਿੰਘ ਕਾਨ ਸਿੰਘ ਵਾਲਾ, ਜਸਵੰਤ ਸਿੰਘ ਮੰਗੇਵਾਲ, ਨਾਹਰ ਸਿੰਘ ਮੰਗੇਵਾਲ, ਮੰਦਰ ਸਿੰਘ ਕਾਨ ਸਿੰਘ ਵਾਲਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਕੱਲ ਕਲਾਂ ਸ਼ਾਮਲ ਹੋਏ। ਇਸ ਤੋਂ ਇਲਾਵਾ ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂ ਵਾਲਾ, ਜਸਵਿੰਦਰ ਸਿੰਘ ਸ਼ਿੰਦਾ ਕੱਲ ਕਲਾਂ, ਕੁਲਜੀਤ ਸਿੰਘ, ਗੁਰਵਿੰਦਰ ਸਿੰਘ, ਬਲਦੇਵ ਸਿੰਘ ਡਰੋਲੀ ਭਾਈ, ਗਗਨਦੀਪ ਸਿੰਘ, ਜਸਪ੍ਰੀਤ ਸਿੰਘ ਡਰੋਲੀ ਭਾਈ, ਜਗਤਾਰ ਸਿੰਘ ਕੋਰੇ ਵਾਲਾ, ਕਰਮਜੀਤ ਸਿੰਘ ਜੈਮਲਵਾਲਾ, ਹਰਸਿਮਰਨਜੀਤ ਸਿੰਘ ਕੱਲ ਕਲਾਂ, ਅੰਗਰੇਜ਼ ਸਿੰਘ ਡਰੋਲੀ ਭਾਈ ਸਮੇਤ ਹੋਰ ਬਹੁਤ ਸਾਰੇ ਕਿਸਾਨ ਆਗੂ ਅਤੇ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।