ਕਣਕ ਦੀ ਫਸਲ ਲਈ ਬਾਰਿਸ਼ ਹੋਵੇਗੀ ਲਾਹੇਵੰਦ
ਸਥਾਨਕ ਇਲਾਕੇ ਵਿਚ ਰਾਤ
Publish Date: Fri, 23 Jan 2026 04:10 PM (IST)
Updated Date: Sat, 24 Jan 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਸਥਾਨਕ ਇਲਾਕੇ ਵਿਚ ਰਾਤ ਭਰ ਪਈ ਚੰਗੀ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਹੈ। ਪਿਛਲੇ ਕਈ ਦਿਨਾਂ ਤੋਂ ਸੁੱਕੇ ਅਤੇ ਖੁਸ਼ਕ ਮੌਸਮ ਕਾਰਨ ਚਿੰਤੁਤ ਕਿਸਾਨਾਂ ਲਈ ਇਹ ਬਾਰਿਸ਼ ਕਿਸੇ ਵਰਦਾਨ ਤੋਂ ਘੱਟ ਨਹੀਂ ਸਾਬਤ ਹੋਈ। ਹਾੜੀ ਦੀ ਫ਼ਸਲ ਦੇ ਮੌਸਮ ਦੌਰਾਨ ਹੋਈ ਇਹ ਪਹਿਲੀ ਬਾਰਿਸ਼ ਖ਼ਾਸ ਕਰਕੇ ਕਣਕ ਦੀ ਫ਼ਸਲ ਲਈ ਬਹੁਤ ਹੀ ਲਾਹੇਵੰਦ ਮੰਨੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੋਣਕ ਵਾਪਸ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਰਿਸ਼ ਨਾਲ ਖੇਤਾਂ ਵਿਚ ਮਿੱਟੀ ਦੀ ਨਮੀ ਬਣੀ ਰਹੇਗੀ ਅਤੇ ਕਣਕ ਦੇ ਵਾਧੇ ਦੀ ਪ੍ਰਕਿਰਿਆ ਹੋਰ ਬਿਹਤਰ ਹੋਵੇਗੀ। ਲੰਮੇ ਸਮੇਂ ਤੋਂ ਵਰਖਾ ਨਾ ਹੋਣ ਕਾਰਨ ਕਈ ਕਿਸਾਨ ਫ਼ਸਲ ਦੀ ਵੱਧਤ ਨੂੰ ਲੈ ਕੇ ਫ਼ਿਕਰਮੰਦ ਸਨ ਪਰ ਹੁਣ ਇਸ ਬਾਰਿਸ਼ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾੜੀ ਦੀ ਫ਼ਸਲ ਦੇ ਸ਼ੁਰੂਆਤੀ ਪੜਾਅ ਵਿਚ ਹੋਈ ਇਹ ਬਾਰਿਸ਼ ਕਣਕ ਲਈ ਬਹੁਤ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਇਹ ਬਾਰਿਸ਼ ਨਾਲ ਤਾਪਮਾਨ ਘੱਟਣ ਨਾਲ ਕਣਕ ਦੇ ਵੱਧ ਝਾੜ ਅਤੇ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ ਅਤੇ ਮਿੱਟੀ ਵਿਚ ਲੋੜੀਂਦੀ ਨਮੀ ਕਾਇਮ ਰਹੇਗੀ। ਇਸ ਨਾਲ ਫ਼ਸਲ ਦੀ ਸ਼ੁਰੂਆਤੀ ਵਧਤ ਸੁਚੱਜੀ ਰਹੇਗੀ, ਜੋ ਆਉਣ ਵਾਲੇ ਸਮੇਂ ਵਿੱਚ ਚੰਗੀ ਪੈਦਾਵਾਰ ਦਾ ਆਧਾਰ ਬਣਦੀ ਹੈ। ਖੇਤੀਬਾੜੀ ਅਫ਼ਸਰ ਅਨੁਸਾਰ ਇਸ ਬਾਰਸ਼ ਨਾਲ ਮਿੱਟੀ ਦੀ ਉਪਜਾਉ ਸ਼ਕਤੀ ਵਿਚ ਸੁਧਾਰ ਆਵੇਗਾ ਅਤੇ ਕਣਕ ਦੇ ਪੌਦੇ ਹਰੇ-ਭਰੇ ਅਤੇ ਤੰਦਰੁਸਤ ਰਹਿਣਗੇ। ਡਾ. ਗੁਰਪ੍ਰੀਤ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ ਮੌਜੂਦਾ ਸਮੇਂ ਵਿਚ ਇਲਾਕੇ ਵਿਚ ਕਣਕ ਦੀ ਫ਼ਸਲ ’ਤੇ ਕਿਸੇ ਵੀ ਕਿਸਮ ਦੀ ਬਿਮਾਰੀ ਸਬੰਧੀ ਨਾ ਤਾਂ ਕੋਈ ਸ਼ਿਕਾਇਤ ਮਿਲੀ ਹੈ ਅਤੇ ਨਾ ਹੀ ਕੋਈ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਨਾਂ ਲੋੜ ਤੋਂ ਕੀਟਨਾਸ਼ਕਾਂ ਜਾਂ ਫ਼ਫੂੰਦਨਾਸ਼ਕਾਂ ਦੀ ਸਪਰੇਅ ਨਾ ਕੀਤੀ ਜਾਵੇ ਅਤੇ ਵੱਧ ਖਾਦਾਂ ਦੇ ਪ੍ਰਯੋਗ ਤੋਂ ਵੀ ਪਰਹੇਜ਼ ਕੀਤਾ ਜਾਵੇ। ਅੰਤ ਵਿਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਮੌਸਮ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਹੀ ਖੇਤੀਬਾੜੀ ਕਾਰਜ ਕਰਨ ਤਾਂ ਜੋ ਹਾੜੀ ਦੀ ਫ਼ਸਲ ਤੋਂ ਵਧੀਆ ਅਤੇ ਉੱਚ ਗੁਣਵੱਤਾ ਵਾਲੀ ਪੈਦਾਵਾਰ ਹਾਸਿਲ ਕੀਤੀ ਜਾ ਸਕੇ।