ਟੇਲੈਂਟ ਹੰਟ ਪ੍ਰੋਗਰਾਮ ਦੇ ਜੇਤੂ ਸਨਮਾਨਿਤ
ਡੀਸੀ ਮੋਗਾ ਸਾਗਰ ਸੇਤੀਆ
Publish Date: Fri, 06 Feb 2026 04:26 PM (IST)
Updated Date: Sat, 07 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਡੀਸੀ ਮੋਗਾ ਸਾਗਰ ਸੇਤੀਆ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਮੋਗਾ ਵਿਚ ਪਹਿਲੀ ਵਾਰ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਟੈਲੇਂਟ ਹੰਟ ਪ੍ਰੋਗਰਾਮ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਇਤਿਹਾਸਿਕ ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਵਿਚ ਡਿਪਟੀ ਡੀਈਓ ਸੈਕੰਡਰੀ ਮੋਗਾ ਗੁਰਦਿਆਲ ਸਿੰਘ ਮਠਾੜੂ ਅਤੇ ਨੋਡਲ ਅਫ਼ਸਰ ਜਸਪ੍ਰੀਤ ਕੌਰ ਪ੍ਰਿੰਸੀਪਲ, ਸਸਸਸ ਡਰੋਲੀ ਭਾਈ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੌਰਾਨ ਸਟੇਜ ਸੈਕਟਰੀ ਗੁਰਪ੍ਰੀਤ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮ ਦਾ ਸੰਚਾਲਨ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਨੂੰ ਸੁਚਾਰੂ ਰੂਪ ਵਿਚ ਚਲਾਉਂਦੇ ਹੋਏ ਦੀ ਲਰਨਿੰਗ ਫੀਲਡ ਸਕੂਲ ਦੇ ਚੇਅਰਮੈਨ ਪ੍ਰਵੀਨ ਗਰਗ ਅਤੇ ਜਨੇਸ਼ ਗਰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਵੱਡਾ ਸਮਾਗਮ ਸਫ਼ਲ ਹੋ ਸਕਿਆ। ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ 6 ਬਲਾਕਾਂ ਦੀਆਂ 45 ਟੀਮਾਂ ਨੇ ਸ਼ਬਦ ਗਾਇਨ, ਕਵੀਸ਼ਰੀ, ਲੋਕ ਗੀਤ ਅਤੇ ਲੋਕ ਨਾਚ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ। ਇਨ੍ਹਾਂ ਮੁਕਾਬਲਿਆਂ ਦੇ ਮੁੱਖ ਨਤੀਜਿਆਂ ਦੌਰਾਨ ਸ਼ਬਦ ਗਾਇਨ ਇਸ ਵੰਨਗੀ ਦੇ ਦੋਵਾਂ ਵਿੰਗਾਂ ਮਿਡਲ ਅਤੇ ਸੈਕੰਡਰੀ ਵਿਚ ਸਸਸਸ ਸਲ੍ਹੀਣਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਲੋਕ ਨਾਚ ਦੇ ਸਖ਼ਤ ਮੁਕਾਬਲਿਆਂ ਵਿਚ ਸਕਸਸਸ ਮੋਗਾ ਦੀ ਟੀਮ ਜੇਤੂ ਰਹੀ। ਕਵੀਸ਼ਰੀ ਮੁਕਾਬਲਿਆਂ ਵਿਚ ਸਸਸਸ ਮਾਣੂੰਕੇ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੋਕ ਗੀਤ ਵੰਨਗੀ ਵਿਚ ਸੰਤ ਦਰਬਾਰਾ ਸਿੰਘ ਸਸ ਸਕੂਲ ਲੋਪੋਂ ਨੇ ਬਾਜ਼ੀ ਮਾਰੀ। ਡੀਸੀ ਸਾਗਰ ਸੇਤੀਆ ਨੇ ਖ਼ੁਦ ਸਟੇਜ ਤੇ ਪਹੁੰਚ ਕੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਬੱਚਿਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਜੇਤੂਆਂ ਲਈ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ, ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਡੀਸੀ ਸਾਗਰ ਸੇਤੀਆ ਨੇ ਵਾਅਦਾ ਕੀਤਾ ਕਿ ਬੱਚਿਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਅਜਿਹੇ ਮੁਕਾਬਲੇ ਹਰੇਕ ਸਾਲ ਜਾਰੀ ਰਹਿਣਗੇ। ਨੋਡਲ ਅਫ਼ਸਰ ਜਸਪ੍ਰੀਤ ਕੌਰ ਨੇ ਸਮੂਹ ਮਹਿਮਾਨਾਂ ਅਤੇ ਟੀਮ ਇੰਚਾਰਜਾਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਮੋਗਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਣ ਕਾਰਨ ਬਹੁਤ ਸ਼ਲਾਘਾ ਕੀਤੀ ਜਾ ਰਹੀ।