- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੋਗਾ ਵਿਚ ਖੇਤਾਂ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਵਿਚ ਖੇਤਾਂ ਵਿਚ ਪੱਕ ਚੁੱਕੀ ਕਣਕ ਦੀ ਫ਼ਸਲ ਨੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਵੱਡੇ ਪੱਧਰ ’ਤੇ ਕਟਾਈ ਦਾ ਕੰਮ ਜਾਰੀ ਹੈ ਪਰ ਇਸਦੇ ਨਾਲ ਹੀ ਅੱਗ ਲੱਗਣ ਵਾਲੀਆਂ ਘਟਨਾਵਾਂ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ। ਇਸ ਗੰਭੀਰ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਅੱਗ ਬੁਝਾਉ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਅਤੇ ਹਰ ਤਰ੍ਹਾਂ ਦੀ ਐਮਰਜੈਂਸੀ ਨਾਲ ਨਿਪਟਣ ਲਈ ਤਿਆਰੀਆਂ ਮਜ਼ਬੂਤ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਸਟਾਫ਼ ਦੀਆਂ ਛੁੱਟੀਆਂ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਕਰਮਚਾਰੀਆਂ ਨੂੰ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਣਕ ਦੇ ਸੀਜ਼ਨ ਦੌਰਾਨ ਕਿਸੇ ਵੀ ਅੱਗ ਲੱਗਣ ਦੀ ਘਟਨਾ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਇਸ ਸਬੰਧੀ ਲੁਧਿਆਣਾ ਦੇ ਸਹਾਇਕ ਡਵੀਜ਼ਨਲ ਫ਼ਾਇਰ ਅਫ਼ਸਰ ਜਸਵਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਮੌਜੂਦਾ ਪ੍ਰਬੰਧਾਂ ਦੀ ਸਮੀਖਿਆ ਕਰਦੇ ਹੋਏ ਅਗਲੇ ਕਦਮਾਂ ’ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਮੋਗਾ ਦਾ ਵਾਧੂ ਚਾਰਜ ਵੀ ਹੈ ਅਤੇ ਪੰਜਾਬ ਭਰ ਵਿਚ ਹੀ ਸਟਾਫ਼ ਦੀ ਘਾਟ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸਦੇ ਬਾਵਜੂਦ ਕਣਕ ਦੇ ਮੌਸਮ ਨੂੰ ਵੇਖਦਿਆਂ ਸਾਰੇ ਫਾਇਰ ਸਟੇਸ਼ਨਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਸਟਾਫ ਤੁਰੰਤ ਕਾਰਵਾਈ ਕਰਦਾ ਹੈ ਅਤੇ ਕੁੱਝ ਮਿੰਟਾਂ ਵਿਚ ਹੀ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਮੋਗਾ ਵਿਚ ਫੋਕਲ ਪਾਇੰਟ ਮੇਨ ਚੌਂਕ ਅਤੇ ਨਗਰ ਨਿਗਮ ਦੇ ਅਧੀਨ ਫਾਇਰ ਸੈਂਟਰ ਚੱਲ ਰਹੇ ਹਨ। ਵਿਭਾਗ ਕੋਲ ਪੰਜ ਵੱਡੇ ਫਾਇਰ ਟੈਂਡਰਾਂ ਦੇ ਨਾਲ ਇਕ ਛੋਟੀ ਗੱਡੀ ਵੀ ਉਪਲਬਧ ਹੈ, ਜਦਕਿ ਕਰੀਬ 45 ਕਰਮਚਾਰੀ ਕੱਚੇ ਅਤੇ ਠੇਕੇ ਦੇ ਅਧਾਰ ‘ਤੇ ਸੇਵਾ ਨਿਭਾ ਰਹੇ ਹਨ। ਫੋਕਲ ਪਾਇੰਟ ਵਾਲਾ ਫਾਇਰ ਸਟੇਸ਼ਨ ਦਿਨ ਦੇ ਸਮੇਂ ਹੀ ਚੱਲਦਾ ਹੈ, ਜਦਕਿ ਜੋਗਿੰਦਰ ਸਿੰਘ ਚੌਕ ਅਤੇ ਨਗਰ ਨਿਗਮ ਦਾ ਫਾਇਰ ਸਟੇਸ਼ਨ 24 ਘੰਟੇ ਲਗਾਤਾਰ ਸੇਵਾ ਵਿਚ ਰਹਿੰਦਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਦੇ ਬਾਜ਼ਾਰਾਂ ਵਿਚ ਵਧ ਰਹੇ ਟ੍ਰੈਫਿਕ ਅਤੇ ਭੀੜ-ਭਾੜ ਕਾਰਨ ਅੱਗ ਬੁਝਾਉ ਗੱਡੀਆਂ ਨੂੰ ਲੰਘਣ ਵਿਚ ਕਾਫ਼ੀ ਦਿਕ਼ਤਾਂ ਆਉਂਦੀਆਂ ਹਨ। ਇਸ ਲਈ ਜਦੋਂ ਵੀ ਫਾਇਰ ਬ੍ਰਿਗੇਡ, ਪੁਲਿਸ ਜਾਂ ਐਂਬੂਲੈਂਸ ਦੀ ਗੱਡੀ ਆਵੇ ਤਾਂ ਤੁਰੰਤ ਰਸਤਾ ਦਿੱਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਅਤੇ ਸੰਪਤੀ ਨੂੰ ਬਚਾਇਆ ਜਾ ਸਕੇ। ਜ਼ਿਲ੍ਹਾ ਪੱਧਰ ‘ਤੇ ਮੋਗਾ ਵਿਚ ਇਕ ਸਬਸਟੇਸ਼ਨ ਹੈ ਜਦਕਿ ਹੋਰ ਦੋ ਸਬ ਸਟੇਸ਼ਨ ਬਾਘਾਪੁਰਾਣਾ ਅਤੇ ਧਰਮਕੋਟ ਵਿਚ ਸਥਿਤ ਹਨ। ਨਗਰ ਨਿਗਮ ਦੇ ਜ਼ਿਲ੍ਹਾ ਸਟੇਸ਼ਨ ‘ਤੇ ਦੋ ਵੱਡੇ ਅਤੇ ਇਕ ਛੋਟਾ ਫਾਇਰ ਟੈਂਡਰ ਮੌਜੂਦ ਹੈ। ਬਾਘਾਪੁਰਾਣਾ ਵਿਚ ਦੋ ਵੱਡੇ ਟੈਂਡਰ ਅਤੇ ਇਕ ਜੀਪ ਹੈ, ਜਦਕਿ ਧਰਮਕੋਟ ਵਿਚ ਕੇਵਲ ਦੋ ਫਾਇਰ ਟੈਂਡਰ ਅਤੇ ਇਕ ਜੀਪ ਹੀ ਉਪਲਬਧ ਹੈ। ਇਹ ਸਾਧਨ ਸ਼ਹਿਰ ਦੀ ਆਬਾਦੀ ਅਤੇ ਖੇਤਰਫਲ ਦੇ ਮੁਕਾਬਲੇ ਕਰੀਬ 30 ਫ਼ੀਸਦੀ ਹੀ ਹਨ, ਜਿਸ ਕਾਰਨ ਵਿਭਾਗ ਨੂੰ ਸੀਮਤ ਸਰੋਤਾਂ ਨਾਲ ਕੰਮ ਚਲਾਉਣਾ ਪੈ ਰਿਹਾ ਹੈ।