- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਰ੍ਹੇ ਆਲੂਆਂ ਦੀ ਕਾਸ਼ਤ ਕਰ ਰਹੇ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਇਸ ਵਰ੍ਹੇ ਆਲੂਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਚੰਗਾ ਭਾਅ ਨਾ ਮਿਲਣ ਕਾਰਨ ਆਲੂ ਕਾਸ਼ਤਕਾਰ ਕਿਸਾਨ ਚਿੰਤੁਤ ਨਜ਼ਰ ਆ ਰਹੇ ਹਨ। ਭਾਅ ਦੀ ਮੰਦੀ ਦੇ ਨਾਲ ਨਾਲ ਆਲੂਆਂ ਦੀ ਫ਼ਸਲ ਦਾ ਝਾੜ ਵੀ ਇਸ ਵਾਰ ਘੱਟ ਹੋਣ ਕਾਰਨ ਕਿਸਾਨਾਂ ਦੇ ਖਰਚੇ ਵੀ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ। ਬਹੁਤੇ ਕਿਸਾਨਾਂ ਦਾ ਆਖਣਾ ਹੈ ਕਿ ਸ਼ਾਇਦ ਹੋਲੀ ਤੋਂ ਬਾਅਦ ਆਲੂਆਂ ਦੀ ਫ਼ਸਲ ’ਚ ਤੇਜ਼ੀ ਆਵੇਗੀ ਅਤੇ ਕਿਸਾਨਾਂ ਦੇ ਖਰਚੇ ਪੂਰੇ ਹੋਣ ਦੀ ਸੰਭਾਵਨਾ ਹੈ। ਉਧਰ ਬੀਤੇ ਕੱਲ੍ਹ ਮੋਗਾ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਆਲੂਆਂ ਦੀ ਫ਼ਸਲ ’ਤੇ ਐੱਮਐੱਸਪੀ ਦੀ ਖ਼ਰੀਦ ਅਤੇ ਨਿਰੰਤਰ ਆਲੂਆਂ ਦੀ ਫ਼ਸਲ ਖ਼ਰੀਦਣ ਲਈ ਕਿਸਾਨਾਂ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਦਿਆਂ ਵੱਡੇ ਇਕੱਠ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਆਲੂਆਂ ਦੀ ਫ਼ਸਲ ’ਤੇ ਐੱਮਐੱਸਪੀ ਕਾਨੂੰਨ ਬਣਾਇਆ ਜਾਵੇ। ਸ਼ੁੱਕਰਵਾਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕੇ ਵਿਖੇ ਆਲੂ ਉਤਪਾਦਕ ਮੇਜਰ ਸਿੰਘ ਜੋ ਆਲੂਆਂ ਦੇ ਮੰਦੇ ਭਾਅ ਕਰਕੇ ਫ਼ਸਲ ਦੀ ਪਟਾਈ ਕਰਨ ਤੋਂ ਗੁਰੇਜ਼ ਕਰ ਰਿਹਾ ਹੈ ਦੇ ਖੇਤ ਵਿਚ ਖੇਤੀ ਵਿਗਿਆਨੀਆਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਵਾਜਬ ਭਾਅ ਨਿਰਧਾਰਤ ਕੀਤਾ ਹੁੰਦਾ ਤਾਂ ਆਲੂ ਉਤਪਾਦਕਾਂ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਕਿਸਾਨਾਂ ਲਈ ਇਹ ਵਿੱਤੀ ਘਾਟਾ ਸਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਆਲੂ ਦੀ ਕਾਸ਼ਤ ’ਤੇ ਵੀ ਕਾਫ਼ੀ ਖ਼ਰਚਾ ਆਉਂਦਾ ਹੈ। ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਸੀਜ਼ਨ ਵਿਚ ਜਿੱਥੇ ਆਲੂਆਂ ਦਾ ਵਿਕਰੀ ਰੇਟ ਘੱਟ ਹੈ, ਉੱਥੇ ਆਲੂਆਂ ਦਾ ਝਾੜ ਅਤੇ ਸਾਈਜ਼ ਵੀ ਘੱਟ ਹੋਣ ਕਾਰਨ ਤੀਹਰੀ ਮਾਰ ਕਿਸਾਨ ਨੂੰ ਝੱਲਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨ ਦੇ ਆਲੂ ਤਿੰਨ ਚਾਰ ਰੁਪਏ ਪ੍ਰਤੀ ਕਿੱਲੋ ਦੇ ਭਾਅ ਨਾਲ ਵਪਾਰੀ ਖ਼ਰੀਦ ਕਰਦੇ ਹਨ ਜਿਸ ਨਾਲ ਕਿਸਾਨਾਂ ਦੀ ਲਾਗਤ ਵੀ ਪੱਲੇ ਨਹੀਂ ਪੈਂਦੀ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਅਤੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਇਸ ਸਬੰਧੀ ਦਖਲ ਦੇ ਕੇ ਕਿਸਾਨਾਂ ਨੂੰ ਆਲੂਆਂ ਦਾ ਵਾਜਬ ਭਾਅ ਦੇਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਲੂਆਂ ਦਾ ਘੱਟੋ ਘੱਟ ਸਮਰਥਨ ਮੁੱਲ 15 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿਚ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਆਲੂ ਦੇ ਕੰਟਰੈਕਟਰ ਕਰਨ ਵਾਲੀਆਂ ਕੰਪਨੀਆਂ ਵੱਲੋਂ ਵੀ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਪੂਰਾ ਪੈਸਾ ਦੇਣ ਤੋਂ ਆਨਾਕਾਨੀ ਕਰਨ ਲੱਗ ਪਈਆਂ ਹਨ । ਇਸ ਮੌਕੇ ਆਲੂ ਉਤਪਾਦਕ ਮੇਜਰ ਸਿੰਘ ਧੱਲੇਕੇ ਤੋਂ ਇਲਾਵਾ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਅਤੇ ਕਿਸਾਨ ਆਗੂ ਨਿਰਮਲ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ। ਇੱਥੇ ਜ਼ਿਕਰਯੋਗ ਹੈ ਕਿ ਆਲੂਆਂ ਦੀ ਫ਼ਸਲ ਜ਼ਿਆਦਾ ਗਰਮੀ ਕਾਰਨ ਵੀ ਖ਼ਰਾਬ ਹੋਣ ਲੱਗਦੀ ਹੈ, ਫਰਵਰੀ ਦੇ ਆਖ਼ਰੀ ਹਫ਼ਤੇ ਵਿਚ ਆਲੂਆਂ ਦੀ ਪੁਟਾਈ ਸ਼ੁਰੂ ਹੋਈ ਹੈ। ਜੇਕਰ ਇਸੇ ਤਰ੍ਹਾਂ ਗਰਮੀ ਵਧਦੀ ਗਈ ਤਾਂ ਅਗਲੇ ਦਿਨਾਂ ਵਿਚ ਆਲੂਆਂ ਦੀ ਫ਼ਸਲ ਬਹੁਤੀ ਗਰਮੀ ’ਚ ਖ਼ਰਾਬ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਕਿਸਾਨਾਂ ਨੂੰ ਦੂਹਰੀ ਮਾਰ ਦਾ ਸਾਹਮਣਾ ਕਰਨਾ ਪਵੇਗਾ।