ਕਿਸਾਨ ਦਾਲਾਂ ਦੀਆਂ ਫ਼ਸਲਾਂ ਦਾ ਰਕਬਾ ਵਧਾਉਣ : ਡੀਸੀ
ਮਿਸ਼ਨ ‘ਆਤਮ ਨਿਰਭਰਤਾ’ ਅਧੀਨ
Publish Date: Wed, 11 Mar 2026 05:11 PM (IST)
Updated Date: Thu, 12 Mar 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਮਿਸ਼ਨ ‘ਆਤਮ ਨਿਰਭਰਤਾ’ ਅਧੀਨ ਪੰਜਾਬ ਸਰਕਾਰ ਵੱਲੋਂ ਸੱਠੀ ਮੂੰਗੀ ਦਾ ਬੀਜ ਕਿਸਮ ਐੱਸਐੱਮਐੱਲ 1827 ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਨੂੰ 26 ਕੁਇੰਟਲ ਬੀਜ ਪ੍ਰਾਪਤ ਹੋਇਆ ਹੈ ਜੋ 95 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਫ਼ਸਲੀ ਵਿੰਭਿਨਤਾ ਅਪਨਾਉਣ ਅਤੇ ਦਿਨੋਂ ਦਿਨ ਪਾਣੀ ਦੇ ਘੱਟਦੇ ਪੱਧਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਰਕਬੇ ਵਿਚ ਦਾਲਾਂ ਦੀ ਬਿਜਾਈ ਕਰਨ। ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਐੱਸਐੱਮਐੱਲ 1827 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀ ਗਈ। ਇਸ ਦਾ ਪ੍ਰਤੀ ਏਕੜ 12 ਕਿੱਲੋ ਬੀਜ ਪੈਂਦਾ ਹੈ ਅਤੇ ਇਸ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਤਕਰੀਬਨ 62 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਹ ਕਿਸਮ ਪੀਲੀ ਚਿੱਤਕਬਰੀ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥਹੈ। ਇਸ ਕਿਸਮ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਹੈ। ਦਾਲਾਂ ਦੀ ਖੇਤਰੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮੱਦਦ ਕਰਦੀ ਹੈ ਕਿਉਂਕਿ ਇਹ ਫ਼ਸਲਾਂ ਕੁਦਰਤੀ ਤੌਰ ’ਤੇ ਜ਼ਮੀਨ ਵਿਚ ਨਾਈਟ੍ਰੋਜਨ ਨੂੰ ਠੀਕ ਕਰਦੀਆਂ ਹਨ। ਇਸ ਨਾਲ ਕਿਸਾਨਾਂ ਨੂੰ ਖਾਦਾਂ ’ਤੇ ਹੋਣ ਵਾਲੇ ਖ਼ਰਚੇ ਵਿਚ ਵੱਡੀ ਰਾਹਤ ਮਿਲੇਗੀ ਅਤੇ ਖੇਤੀਬਾੜੀ ਵਾਤਾਵਰਣ ਪੱਖੀ ਅਤੇ ਆਰਥਿਕ ਤੌਰ ’ਤੇ ਵਧੇਰੇ ਟਿਕਾਊ ਬਣ ਸਕੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਦਾਲਾਂ ਦੀ ਖੇਤੀ ਸਬੰਧੀ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸੱਠੀ ਮੂੰਗੀ ਦਾ ਬੀਜ ਪ੍ਰਾਪਤ ਕਰਨ ਲਈ ਕਿਸਾਨ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਸਬਸਿਡੀ ਦਾ ਬੀਜ ਪ੍ਰਾਪਤ ਕਰਕੇ ਢੁੱਕਵੇਂ ਸਮੇਂ ’ਤੇ ਬਿਜਾਈ ਕਰ ਸਕਣ।