ਕਣਕ ਦੀ ਖਰੀਦ ਨਾ ਹੋਣ ਕਾਰਨ ਮੋਗਾ ’ਚ ਕਿਸਾਨਾਂ ਵੱਲੋਂ ਪ੍ਰਦਰਸ਼ਨ
ਕਣਕ ਦੀ ਖਰੀਦ ਵਿਚ ਹੋ ਰਹੀ ਦੇਰੀ
Publish Date: Thu, 16 Apr 2026 05:42 PM (IST)
Updated Date: Fri, 17 Apr 2026 04:10 AM (IST)

ਡੀਸੀ ਦਫ਼ਤਰ ਅੱਗੇ ਧਰਨਾ, ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਕਣਕ ਦੀ ਖਰੀਦ ਵਿਚ ਹੋ ਰਹੀ ਦੇਰੀ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਵੱਡਾ ਧਰਨਾ ਲਗਾਇਆ ਗਿਆ। ਇਹ ਧਰਨਾ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਪਹਿਲਾਂ ਹੀ ਗੜਿਆਂ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ, ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਢੰਗ ਦੀ ਮਦਦ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਹੁਣ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਕਿਸਾਨ ਹੋਰ ਵੀ ਆਰਥਿਕ ਤੌਰ ‘ਤੇ ਟੁੱਟ ਰਹੇ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਮੁਆਵਜ਼ਾ ਦੇਣ ਵਿੱਚ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕਿਹਾ ਗਿਆ ਸੀ ਕਿ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ, ਪਰ 13 ਅਪ੍ਰੈਲ ਤੱਕ ਮੋਗਾ ਜ਼ਿਲ੍ਹੇ ਦੀ ਕਿਸੇ ਵੀ ਦਾਣਾ ਮੰਡੀ ਵਿਚ ਖਰੀਦ ਸ਼ੁਰੂ ਨਹੀਂ ਹੋਈ। ਇਸ ਕਾਰਨ ਮੰਡੀਆਂ ਵਿਚ ਕਣਕ ਦੇ ਵੱਡੇ ਅੰਬਾਰ ਲੱਗ ਚੁੱਕੇ ਹਨ ਅਤੇ ਕਿਸਾਨਾਂ ਨੂੰ ਖੂਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਕ ਦੂਜੇ ‘ਤੇ ਦੋਸ਼ ਮੜ ਕੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਰਹੀਆਂ ਹਨ। 14 ਅਪ੍ਰੈਲ ਨੂੰ ਡੀਸੀ ਮੋਗਾ ਵੱਲੋਂ ਬੋਲੀ ਸ਼ੁਰੂ ਤਾਂ ਕੀਤੀ ਗਈ, ਪਰ ਸਿਰਫ਼ ਗਿਣਤੀ ਦੀਆਂ ਢੇਰੀਆਂ ਹੀ ਖਰੀਦੀਆਂ ਗਈਆਂ। ਇਸ ਤੋਂ ਬਾਅਦ ਵੱਖ-ਵੱਖ ਬਹਾਨੇ ਲਾ ਕੇ ਖਰੀਦ ਰੋਕੀ ਜਾ ਰਹੀ ਹੈ। ਮੋਗਾ ਤੋਂ ਬਾਹਰ ਦੀਆਂ ਕਈ ਮੰਡੀਆਂ ਵਿਚ ਹਾਲਾਤ ਹੋਰ ਵੀ ਖਰਾਬ ਹਨ, ਜਿੱਥੇ ਅਜੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਂਦਰੀ ਏਜੰਸੀਆਂ 14 ਅਪ੍ਰੈਲ ਨੂੰ ਮੋਗਾ ਤੋਂ ਸੈਂਪਲ ਲੈ ਕੇ ਗਈਆਂ ਹਨ, ਪਰ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਸਾਰੀ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਰਕਾਰਾਂ ਜਾਣ-ਬੁੱਝ ਕੇ ਖਰੀਦ ਨੂੰ ਲਟਕਾ ਰਹੀਆਂ ਹਨ, ਤਾਂ ਜੋ ਕਿਸਾਨ ਆਰਥਿਕ ਤੌਰ ‘ਤੇ ਕਮਜ਼ੋਰ ਹੋ ਕੇ ਆਪਣੀਆਂ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਜਾਣ ਅਤੇ ਆਖ਼ਿਰਕਾਰ ਇਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾ ਸਕਣ। ਧਰਨੇ ਦੌਰਾਨ ਜ਼ਿਲ੍ਹਾ ਕਮੇਟੀ ਦਾ ਇਕ ਵਫ਼ਦ ਕੁਲਦੀਪ ਕੌਰ ਕੁੱਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਿਆ। ਡੀਸੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਿਨ੍ਹਾਂ ਮੰਡੀਆਂ ਵਿੱਚ ਅਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ, ਉੱਥੇ ਕੱਲ੍ਹ ਤੱਕ ਹਰ ਹਾਲ ਵਿਚ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ। ਕਿਸਾਨ ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੋਗਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਤੁਰੰਤ ਤੇਜ਼ੀ ਨਾਲ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਧਰਨੇ ਨੂੰ ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ, ਗੁਰਦੇਵ ਸਿੰਘ ਕਿਸ਼ਨਪੁਰਾ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਹਰਮੇਲ ਸਿੰਘ ਘਾਲੀ ਅਤੇ ਸੁਖਜੀਤ ਸਿੰਘ ਲੰਡੇਕੇ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।