ਕਿਸਾਨਾਂ ਦੀ ਲੁੱਟ ਤੁਰੰਤ ਰੋਕੀ ਜਾਵੇ : ਮਾਣੂੰਕੇ
ਇਕ ਪਾਸੇ ਕੇਂਦਰ ਸਰਕਾ
Publish Date: Sun, 01 Feb 2026 05:14 PM (IST)
Updated Date: Mon, 02 Feb 2026 04:08 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਇਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਯੂਰੀਆ ਖ਼ਾਦ ’ਤੇ ਸਬਸਿਡੀ ਦਿੱਤੀ ਜਾਂਦੀ ਹੈ ਦੂਜੇ ਪਾਸੇ ਸਹਿਕਾਰੀ ਸਭਾਵਾਂ ਵਿਚ ਇਨ੍ਹਾਂ ਖ਼ਾਦਾਂ ਦੇ ਨਾਲ ਬੇਲੋੜੀਆਂ ਵਸਤਾਂ ਵਧੇਰੇ ਕੀਮਤਾਂ ’ਚ ਧੱਕੇ ਨਾਲ ਮੜ੍ਹ ਕੇ ਕਿਸਾਨਾਂ ਦੀ ਲੁੱਟ ਕਰ ਰਹੀਆਂ ਹਨ, ਜਿਸ ਦਾ ਕਿਸਾਨਾਂ ਵਿਚ ਭਾਰੀ ਰੋਸ ਹੈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਦੇ ਦਫ਼ਤਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੂੰ ਬਲਾਕ ਬਾਘਾਪੁਰਾਣਾ ਦੀ ਸਹਿਕਾਰੀ ਸਭਾ ਦੀ ਲਿਖ਼ਤੀ ਸ਼ਿਕਾਇਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਕਿਸਾਨਾਂ ਦੀ ਭਲਾਈ ਲਈ ਤੁਰੰਤ ਸਖ਼ਤ ਕਾਰਵਾਈ ਕਰੇ ਅਤੇ ਹੋ ਰਹੀ ਕਿਸਾਨਾਂ ਦੀ ਲੁੱਟ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਖ਼ਾਦਾਂ ਸਪਲਾਈ ਕਰਨ ਸਮੇਂ ਸਹਿਕਾਰੀ ਸਭਾਵਾਂ ਕਿਸਾਨ ਨੂੰ ਯੂਰੀਆ ਖ਼ਾਦ ਦੇ ਨਾਲ ਪਸ਼ੂਆਂ ਵਾਲੀ ਫ਼ੀਡ ਜਾਂ ਹੋਰ ਬੇਲੋੜੀਆਂ ਬਾਇੳ ਖ਼ਾਦਾਂ ਆਦਿ ਟੈਗਿੰਗ ਕਰਕੇ ਧੱਕੇ ਨਾਲ ਵਿਕਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਕਿਸਾਨ ਪੱਧਰ ’ਤੇ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਭਾਵੇਂ ਸਹਿਕਾਰੀ ਸਭਾਵਾਂ ਪਿੰਡ ਦੇ ਕਿਸਾਨ ਮੈਂਬਰਾਂ ਦੀਆਂ ਹਨ ਪਰ ਉੱਥੇ ਸਹਿਕਾਰੀ ਸਭਾਵਾਂ ਦੇ ਕਰਮਚਾਰੀ ਨੁਮਾਇੰਦੇ ਜਾਂ ਸਕੱਤਰ ਆਪਣੀ ਮਨਮਰਜ਼ੀ ਅਤੇ ਧੱਕੇਸ਼ਾਹੀ ਕਰਦੇ ਹਨ। ਕਿਸਾਨ ਆਗੂਆਂ ਨੇ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਅਨਸਰਾਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਇਸ ਮਾਮਲੇ ਨੂੰ ਖੇਤੀ ਮੰਤਰੀ ਪੰਜਾਬ ਅਤੇ ਸਕੱਤਰ ਖੇਤੀਬਾੜੀ ਪੰਜਾਬ ਸਰਕਾਰ ਦੇ ਸਖ਼ਤ ਕਾਨੂੰਨੀ ਕਾਰਵਾਈ ਲਈ ਧਿਆਨ ਵਿਚ ਲਿਆਉਣਗੇ ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਸਹਿਕਾਰੀ ਸਭਾਵਾਂ ਦੇ ਕਰਮਚਾਰੀ ਨੂੰ ਕਿਸੇ ਸੱਤਾਧਾਰੀ ਆਗੂ ਵੱਲੋਂ ਕਥਿਤ ਮਿਲੀਭੁਗਤ ਜਾਂ ਸਹਿ ਹੋਣ ਦਾ ਪਤਾ ਲੱਗਿਆ ਤਾਂ ਜੱਥੇਬੰਦੀ ਵੱਲੋਂ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਹਲਕੇ ਦੇ ਲੋਕਾਂ ਵਿਚ ਪਰਦਾਫਾਸ਼ ਕੀਤਾ ਜਾਵੇਗਾ। ਇਸ ਮੌਕੇ ਖੇਤੀਬਾੜੀ ’ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਦੇ ਅਧਿਕਾਰੀਆਂ ਤੋਂ ਇਲਾਵਾ ਸ਼ਿਕਾਇਤ ਕਰਤਾ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਹਾਜ਼ਰ ਸਨ। ਉਨ੍ਹਾਂ ਕਿਹਾ ਖ਼ਾਦਾਂ ਦੀ ਵਿਕਰੀ ਸਮੇਂ ਬੇਲੋੜੀਆਂ ਵਸਤੂਆਂ ਧੱਕੇ ਨਾਲ ਕਿਸਾਨਾਂ ਸਿਰ ਮੜ੍ਹ ਕੇ ਕਿਸਾਨਾਂ ਦੀ ਲੁੱਟ ਸ਼ਰ੍ਹੇਆਮ ਜਾਰੀ। ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਨਾ ਰੋਕਿਆ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।