ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ : ਭਗਤੂਆਣਾ
ਪੰਜਾਬ ਵਿਚ ਕਣਕ ਦੇ ਸੀਜ਼ਨ ਦੀ
Publish Date: Fri, 03 Apr 2026 04:00 PM (IST)
Updated Date: Sat, 04 Apr 2026 04:02 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ: ਪੰਜਾਬ ਵਿਚ ਕਣਕ ਦੇ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਮੰਡੀਆਂ ’ਚ ਰੌਣਕ ਵਧਣ ਦੀ ਉਮੀਦ ਬਣ ਜਾਂਦੀ ਹੈ ਪਰ ਇਸ ਵਾਰ ਤਸਵੀਰ ਕੁੱਝ ਵੱਖਰੀ ਦਿਖਾਈ ਦੇ ਰਹੀ ਹੈ। ਸੂਬਾ ਸਰਕਾਰ ਵੱਲੋਂ 1 ਅਪ੍ਰੈਲ ਦਿਨ ਵੀਰਵਾਰ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਜ਼ਮੀਨੀ ਹਾਲਾਤ ਇਹ ਸੰਕੇਤ ਦੇ ਰਹੇ ਹਨ ਕਿ ਪਹਿਲੇ ਕੁੱਝ ਦਿਨ ਮੰਡੀਆਂ ਵਿਚ ਵੱਡੀ ਹਲਚਲ ਨਹੀਂ ਹੋਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਭਾਵੇਂ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਹੈ ਪਰ ਕਿਸਾਨਾਂ ਦੀ ਆਮਦ ਲਗਭਗ 8 ਤੋਂ 10 ਦਿਨ ਬਾਅਦ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀਆਂ ਵਿਚ ਕਣਕ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਦੱਸਿਆ ਕਿ ਜੈਤੋ ਇਲਾਕੇ ਦੀਆਂ ਦਾਣਾ ਮੰਡੀਆਂ ਵਿਚ ਬਿਜਲੀ, ਪਾਣੀ, ਛਾਂ ਅਤੇ ਹੋਰ ਸਹੂਲਤਾਂ ਦੇ ਪੂਰੇ ਪ੍ਰਬੰੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ, ਮੰਡੀਕਰਨ ਬੋਰਡ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਹੱਲ ਕਰਨ ਲਈ ਬਚਨਬੱਧ ਹੈ। ਮਾਰਕੀਟ ਕਮੇਟੀ ਜੈਤੋ ਵੱਲੋਂ ਖ਼ਰੀਦ ਪ੍ਰਕਿਰਿਆ ਦੀ ਨਿਗਰਾਨੀ ਸਖ਼ਤੀ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਕਿਸੇ ਰੂਪ ਵਿਚ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫ਼ਸਲ ਮੰਡੀਆਂ ਵਿਚ ਲਿਆ ਕੇ ਸਰਕਾਰੀ ਖ਼ਰੀਦ ਤੋਂ ਪੂਰਾ ਲਾਭ ਉਠਾਉਣ। ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਖੱਜਲ ਖੁਆਰੀ ਤੋਂ ਬਚਣ ਲਈ ਸੁੱਕੀ ਕਣਕ ਮੰਡੀਆਂ ਵਿਚ ਲਿਆਉਣ ਅਤੇ ਕਣਕ ਦੀ ਤੁਲਾਈ ਤੋਂ ਪਹਿਲਾਂ ਤੇ ਤੁਲਾਈ ਤੋਂ ਬਾਅਦ ਕੰੰਡੇ ਦੀ ਜਾਂਚ ਜ਼ਰੂਰ ਕਰਨ। ਇਸ ਮੌਕੇ ਸਰਪੰਚ ਜਸਪਾਲ ਸਿੰਘ ‘ਜੱਸਾ ਬਰਾੜ’ ਰੋੜੀਕਪੂਰਾ, ‘ਆਪ’ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਚੈਨਾ, ‘ਆਪ’ ਯੂਥ ਵਿੰਗ ਜੈਤੋ ਸ਼ਹਿਰੀ ਦੇ ਪ੍ਰਧਾਨ ਨੰਬਰਦਾਰ ਧਰਮਿੰਦਰਪਾਲ ਸਿੰਘ ਤੋਤਾ, ਦੀਪਾਸ਼ੂ ਜਿੰਦਲ ਜੈਤੋ, ਬਲਰਾਜ ਸਿੰਘ ਬਿਸ਼ਨੰਦੀ, ਲਛਮਣ ਸਿੰਘ ਬਿਸ਼ਨੰਦੀ, ਨਵਦੀਪ ਸਿੰਘ ਮਾਨ ਭਗਤੂਆਣਾ, ਪੀ.ਏ. ਲਾਡੀ ਬਿਸ਼ਨੰਦੀ, ਸੁੱਖਾ ਰੋੜੀਕਪੂਰਾ ਆਦਿ ਹਾਜ਼ਰ ਸਨ।