ਬਦਲਦੇ ਮੌਸਮ ਕਾਰਨ ਕਿਸਾਨਾਂ ਦੀ ਚਿੰਤਾ ਵਧੀ
ਮੌਸਮ ਦੀ ਅਣਿਸ਼ਚਿਤਤਾ ਅਤੇ
Publish Date: Sun, 12 Apr 2026 06:29 PM (IST)
Updated Date: Mon, 13 Apr 2026 04:13 AM (IST)

ਮੌਸਮ ਦੇ ਵਿਗੜ ਰਹੇ ਮਿਜਾਜ਼ ਤੋਂ ਡਰੇ ਕਿਸਾਨਾਂ ਨੇ ਕੰਬਾਇਨਾਂ ਨਾਲ ਕਣਕ ਦੀ ਕਟਾਈ ਤੇਜ਼ ਕੀਤੀ ਵਕੀਲ ਮਹਿਰੋਂ 0 ਪੰਜਾਬੀ ਜਾਗਰਣ ਮੋਗਾ: ਮੌਸਮ ਦੀ ਅਣਿਸ਼ਚਿਤਤਾ ਅਤੇ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਗਿਆ ਹੈ। ਇਸ ਸਥਿਤੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਜਿਸ ਕਰਕੇ ਉਹ ਮੌਸਮ ਤੋਂ ਡਰਦੇ ਹੋਏ ਜਲਦ ਤੋਂ ਜਲਦ ਕਟਾਈ ਵੱਲ ਵਧ ਰਹੇ ਹਨ। ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਕੰਬਾਈਨਾਂ ਨਾਲ ਕਣਕ ਦੀ ਕਟਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਨਿੱਕਾ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ ਦਰਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੌਸਮ ਦੀ ਮਾਰ ਤੋਂ ਡਰਦੇ ਹੋਏ ਉਨ੍ਹਾਂ ਨੇ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕੰਬਾਈਨ ਨਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਸੀ ਪਰ ਮੀਂਹ ਤੇ ਹਨ੍ਹੇਰੀ ਨਾਲ ਫ਼ਸਲ ਡਿੱਗਣ ਦਾ ਖ਼ਤਰਾ ਬਣ ਗਿਆ ਸੀ। ਇਸ ਲਈ ਮਜ਼ਬੂਰੀ ਵੱਸ ਕਟਾਈ ਜਲਦੀ ਸ਼ੁਰੂ ਕਰਨੀ ਪਈ। ਉਨ੍ਹਾਂ ਕਿਹਾ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਹਰ ਸ਼ਾਮ ਮੌਸਮ ਖਰਾਬ ਹੋ ਜਾਂਦਾ ਹੈ, ਜਿਸ ਨਾਲ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਮੌਸਮ ਸਾਫ਼ ਰਹਿੰਦਾ ਤਾਂ ਹੁਣ ਤੱਕ ਮੰਡੀਆਂ ਵਿਚ ਕਣਕ ਦੀਆਂ ਢੇਰੀਆਂ ਲੱਗ ਚੁੱਕੀਆਂ ਹੁੰਦੀਆਂ ਪਰ ਮੌਜੂਦਾ ਹਾਲਾਤਾਂ ਨੇ ਨਾ ਸਿਰਫ ਕਟਾਈ ਦੇ ਕੰਮ ਨੂੰ ਰੋਕਿਆ ਹੈ ਸਗੋਂ ਕਿਸਾਨਾਂ ਦੀ ਆਮਦਨ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਭਰ ਵਿਚ ਚੱਲ ਰਹੀ ਆੜ੍ਹਤੀਆਂ ਦੀ ਹੜਤਾਲ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਠੱਪ ਹੋਣ ਕਾਰਨ ਕਿਸਾਨ ਹੋਰ ਵੀ ਚਿੰਤਤ ਹਨ ਕਿਉਂਕਿ ਜੇ ਫ਼ਸਲ ਕੱਟ ਵੀ ਲਈ ਜਾਵੇ ਤਾਂ ਉਸਦੀ ਵਿਕਰੀ ਵੱਡੀ ਸਮੱਸਿਆ ਬਣੀ ਹੋਈ ਹੈ। ਮੌਸਮ ਦੇ ਅਚਾਨਕ ਬਦਲੇ ਮਿਜਾਜ਼ ਨੇ ਖੇਤੀ ਦੇ ਰਵਾਇਤੀ ਤਰੀਕਿਆਂ ਨੂੰ ਵੀ ਬਦਲ ਦਿੱਤਾ ਹੈ। ਪਹਿਲਾਂ ਜਿੱਥੇ ਵਿਸਾਖੀ ਦੇ ਮੇਲੇ ਮਗਰੋਂ ਹੀ ਕਣਕ ਦੀ ਵਾਢੀ ਦਾਤੀ ਨਾਲ ਸ਼ੁਰੂ ਹੁੰਦੀ ਸੀ, ਉੱਥੇ ਹੁਣ ਸਮੇਂ ਤੋਂ ਪਹਿਲਾਂ ਹੀ ਕੰਬਾਈਨਾਂ ਰਾਹੀਂ ਕਟਾਈ ਨੂੰ ਤੇਜ਼ੀ ਮਿਲ ਗਈ ਹੈ। ਪੁਰਾਣੇ ਸਮਿਆਂ ਵਿਚ ਜੱਟ ਕਿਸਾਨ ਵਿਸਾਖੀ ਦੇ ਮੇਲੇ ਦੀਆਂ ਤਿਆਰੀਆਂ ਕਰਦੇ ਹੋਏ ਖੁਸ਼ੀ-ਖੁਸ਼ੀ ਗੀਤ ਗਾਉਂਦੇ ਸਨ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਅਤੇ ਦਾਤੀ ਨੂੰ ਲਵਾ ਦੇ ਘੁੰਗਰੂ ਪਰ ਹੁਣ ਮਸ਼ੀਨੀਕਰਨ ਅਤੇ ਮੌਸਮੀ ਤਬਦੀਲੀਆਂ ਨੇ ਇਹ ਰੀਵਾਜ਼ ਵੀ ਬਦਲ ਦਿੱਤੇ ਹਨ। ਅੱਜ ਦੇ ਹਾਲਾਤਾਂ ਵਿਚ ਜਿੱਥੇ ਇਕ ਪਾਸੇ ਤਾਪਮਾਨ ਵਿਚ ਅਚਾਨਕ ਵਾਧਾ ਹੋਇਆ ਹੈ, ਉੱਥੇ ਹੀ ਕਣਕ ਦੀ ਫ਼ਸਲ ਵੀ ਤੇਜ਼ੀ ਨਾਲ ਪੱਕੀ ਹੈ। ਇਸ ਕਰਕੇ ਹੱਥਾਂ ਨਾਲ ਕਟਾਈ ਕਰਨ ਦੀ ਥਾਂ ਸਿੱਧਾ ਕੰਬਾਈਨਾਂ ਨਾਲ ਵਾਢੀ ਸ਼ੁਰੂ ਹੋ ਗਈ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਜੇ ਮੌਸਮ ਨੇ ਸਾਥ ਦਿੱਤਾ ਤਾਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਮੰਡੀਆਂ ’ਚ ਕਣਕ ਦੇ ਢੇਰ ਲੱਗਣ ਲੱਗ ਪੈਣਗੇ ਪਰ ਮੌਸਮ ਦੀ ਅਣਪਛਾਤੀ ਚਾਲ ਦੇ ਹਾਲਾਤਾਂ ਨੇ ਅਜੇ ਵੀ ਚਿੰਤਾ ਦਾ ਮਾਹੌਲ ਬਣਾਇਆ ਹੋਇਆ ਹੈ। ਬਦਲਦੇ ਮੌਸਮ ਅਤੇ ਪ੍ਰਣਾਲੀਕ ਸਮੱਸਿਆਵਾਂ ਨੇ ਪੰਜਾਬ ਦੇ ਕਿਸਾਨਾਂ ਲਈ ਚੁਣੌਤੀਆਂ ਵਧਾ ਦਿੱਤੀਆਂ ਹਨ। ਇਸ ਸਮੇਂ ਉਨ੍ਹਾਂ ਨੂੰ ਸਿਰਫ਼ ਇਕ ਹੀ ਉਮੀਦ ਹੈ। ਕੁਦਰਤ ਮਿਹਰਬਾਨ ਹੋਵੇ ਅਤੇ ਸਰਕਾਰ ਜਲਦ ਹੱਲ ਕੱਢੇ ਤਾਂ ਜੋ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਅਜ਼ਾਈ ਨਾ ਜਾਵੇ। ਡੱਬੀ ਦੂਜੇ ਸੂਬਿਆਂ ਤੋਂ ਮਜ਼ਦੂਰਾਂ ਦੀ ਆਮਦ ਵਧਣੀ ਸ਼ੁਰੂ ਜ਼ਿਕਰਯੋਗ ਹੈ ਕਿ ਹਾੜੀ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਵਧਣੀ ਸ਼ੁਰੂ ਹੋ ਗਈ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਿਹਾਰ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਮਜ਼ਦੂਰ ਆਪਣੀ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਪੰਜਾਬ ਪਹੁੰਚ ਰਹੇ ਹਨ ਪਰ ਇਸ ਵਾਰੀ ਹਾਲਾਤ ਪਹਿਲਾਂ ਨਾਲੋਂ ਕੁੱਝ ਵੱਖਰੇ ਨਜ਼ਰ ਆ ਰਹੇ ਹਨ ਕਿਉਂਕਿ ਕੰਬਾਈਨਾਂ ਨਾਲ ਕਣਕ ਦੀ ਵਾਢੀ ਹੋਣ ਕਾਰਨ ਮਜ਼ਦੂਰਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ। ਇਸ ਕਾਰਨ ਕਈ ਮਜ਼ਦੂਰ ਪਰਿਵਾਰਾਂ ਸਮੇਤ ਮੰਡੀਆਂ ਵਿਚ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਨੂੰ ਕੰਮ ਦੀ ਉਮੀਦ ਤਾਂ ਹੈ ਪਰ ਪੱਕਾ ਭਰੋਸਾ ਨਹੀਂ। ਇਸ ਮੌਕੇ ਪ੍ਰਵਾਸੀ ਮਜ਼ਦੂਰ ਰਾਮੂ, ਗੋਪਾਲ ਕਿਸ਼ਨ ਰਾਮ ਬਿਲਾਸ ਆਦਿ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕਟਾਈ, ਬੰਨ੍ਹਣ ਅਤੇ ਢੋਣ ਵਰਗੇ ਕਈ ਕੰਮ ਮਿਲ ਜਾਂਦੇ ਸਨ ਪਰ ਹੁਣ ਕੰਬਾਈਨਾਂ ਦੇ ਆਉਣ ਨਾਲ ਇਹ ਸਾਰੇ ਕੰਮ ਘੱਟ ਹੋ ਗਏ ਹਨ। ਇਸ ਨਾਲ ਉਨ੍ਹਾਂ ਦੀ ਆਮਦਨੀ ’ਤੇ ਵੀ ਪੈ ਰਿਹਾ ਹੈ ਅਸਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਮਸ਼ੀਨਾਂ ਨਾਲ ਵਾਢੀ ਤੇਜ਼ ਅਤੇ ਸਸਤੀ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਖ਼ਰਚਾ ਦੋਵੇਂ ਬਚਦੇ ਹਨ ਪਰ ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਇਸ ਤਬਦੀਲੀ ਨੇ ਪ੍ਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਇਆ ਹੈ।